ਖੰਨਾ ਪੁਲਿਸ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼,4 ਮੁਲਜ਼ਮਾਂ ਨੂੰ 3.6 ਕਿਲੋ ਚੋਰੀ ਦੀ ਚਾਂਦੀ ਸਮੇਤ ਕੀਤਾ ਕਾਬੂ
ਪੰਜਾਬ ਨਿਊਜ਼,22 ਅਗਸਤ 2024
ਖੰਨਾ ਦੇ ਸ਼ਿਵਪੁਰੀ ਮੰਦਿਰ ਵਿਚ 15 ਅਗਸਤ ਨੂੰ ਤੜਕੇ 3.30 ਵਜੇ ਦੇ ਕਰੀਬ ਸ਼ਿਵਲਿੰਗ ਦੀ ਚੋਰੀ ਅਤੇ ਬੇਅਦਬੀ ਦੀ ਘਟਨਾ ਵਿਚ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਸਨਸਨੀਖੇਜ਼ ਸ਼ਿਵ ਮੰਦਰ ਚੋਰੀ ਦੇ ਮਾਮਲੇ ਨੂੰ 7 ਦਿਨਾਂ ਵਿੱਚ ਸੁਲਝਾ ਲਿਆ ਹੈ।
ਇਸ ਮਾਮਲੇ ‘ਚ ਪੁਲਿਸ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ 4 ਦੋਸ਼ੀਆਂ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆ ਰਹੀ ਹੈ। ਦੋਸ਼ੀਆਂ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਗੋਠਾ ਤਹਿਸੀਲ ਸਤਾਰਗੰਜ ਜ਼ਿਲਾ ਉਧਮ ਸਿੰਘ ਨਗਰ ਉਤਰਾਖੰਡ, ਹਨੀ ਪੁੱਤਰ ਬਲਰਾਮ ਵਾਸੀ ਮਹਿੰਦਪੁਰ ਥਾਣਾ ਨੰਗਲ ਜ਼ਿਲਾ ਰੋਪੜ, ਰਵੀ ਕੁਮਾਰ ਪੁੱਤਰ ਰਾਮ ਪਾਲ ਮਹਿੰਦਪੁਰ ਥਾਣਾ ਨੰਗਲ ਜ਼ਿਲਾ ਰੋਪੜ ਵਜੋਂ ਹੋਈ ਹੈ। ਹਾਲਾਂਕਿ ਇਨ੍ਹਾਂ ਦਾ ਇੱਕ ਸਾਥੀ ਦਿੱਲੀ ਜੇਲ੍ਹ ਵਿੱਚ ਵੀ ਦੱਸਿਆ ਜਾਂਦਾ ਹੈ।
ਇਸ ਸਾਰੀ ਕਾਰਵਾਈ ਵਿੱਚ ਖੰਨਾ, ਬਟਾਲਾ, ਨੰਗਲ ਅਤੇ ਚੰਡੀਗੜ੍ਹ ਪੁਲਿਸ ਵੀ ਸਹਿਯੋਗ ਕਰ ਰਹੀ ਦੱਸੀ ਜਾਂਦੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਇਸ ਸਬੰਧੀ ਐਸਐਸਪੀ ਖੰਨਾ ਵੱਲੋ ਜਲਦੀ ਹੀ ਪ੍ਰੈੱਸ ਕਾਨਫਰੰਸ ਹੋ ਸਕਦੀ ਹੈ।ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਅਤੇ ਮੇਰਠ ਜ਼ਿਲ੍ਹਿਆਂ ਨਾਲ ਸਬੰਧਤ ਮੁਲਜ਼ਮਾਂ ਦਾ ਗਿਰੋਹ ਹੈ। ਇਹ ਗਿਰੋਹ ਕਈ ਸਾਲਾਂ ਤੋਂ ਚੋਰੀਆਂ ਕਰ ਰਿਹਾ ਸੀ। ਸਿਰਫ਼ ਧਾਰਮਿਕ ਸਥਾਨ ਹੀ ਉਨ੍ਹਾਂ ਦਾ ਨਿਸ਼ਾਨਾ ਬਣਦੇ ਹਨ। ਇਹ ਗੈਂਗ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਜਾਣਕਾਰੀ ਅਨੁਸਾਰ 15 ਅਗਸਤ ਨੂੰ ਤੜਕੇ ਸਾਢੇ ਚਾਰ ਵਜੇ ਅਣਪਛਾਤੇ ਵਿਅਕਤੀਆਂ ਨੇ ਸ਼ਿਵਪੁਰੀ ਮੰਦਰ ਦੀ ਛੱਤ ‘ਤੇ ਪਈਆਂ ਖਿੜਕੀਆਂ ਰਾਹੀਂ ਦਾਖਲ ਹੋ ਕੇ ਚਾਂਦੀ ਦੀ ਗਾਗਰ (ਜੋ ਸ਼ਿਵਲਿੰਗ ਮਹਾਰਾਜ ਦੇ ਉੱਪਰ ਰੱਖੀ ਹੋਈ ਸੀ) ਸਮੇਤ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਸ਼ਿਵਲਿੰਗ ਮਹਾਰਾਜ ਦੇ ਦੁਆਲੇ ਮਾਲਾ, ਕ੍ਰਿਸ਼ਨ ਮਹਾਰਾਜ ਦੀ ਚਾਂਦੀ ਦੀ ਬੰਸਰੀ, ਚਾਂਦੀ ਦੇ ਮੁਕਟ ਅਤੇ ਮੰਦਰ ਦੀਆਂ ਸਾਰੀਆਂ ਮੂਰਤੀਆਂ ਦੇ ਸੋਨੇ ਦੇ ਗਹਿਣੇ ਇਸ ਤੋਂ ਇਲਾਵਾ ਸ਼ਿਵਲਿੰਗ ਮਹਾਰਾਜ ਦੀ ਬੇਅਦਬੀ ਕਰਦੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੰਨਾ ਤੋਂ ਪੁਲਿਸ ਟੀਮਾਂ ਨੇ ਇਸ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੰਦਰ ਵਿੱਚੋਂ ਚੋਰੀ ਕੀਤੀ 3.63 ਕਿਲੋ ਚਾਂਦੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।