“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਹੋਵੇਗੀ ਫੈਸਲਾਕੁੰਨ ਲੜਾਈ : ਹਰਦੀਪ ਸਿੰਘ ਮੁੰਡੀਆਂ
ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ
ਮੁੱਲਾਂਪੁਰ ਦਾਖਾ (ਲੁਧਿਆਣਾ), 3 ਮਈ : ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਸ਼ਨੀਵਾਰ ਨੂੰ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜ਼ਿਲ੍ਹਾ ਲੁਧਿਆਣਾ ਦੀਆਂ ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਕਿੰਗਸਵਿਲਾ ਰਿਜ਼ੋਰਟ (ਲੁਧਿਆਣਾ) ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ/ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਨਸ਼ਾ ਤਸਕਰਾਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ ਜਦੋਂ ਤੱਕ ਸੂਬੇ ਵਿੱਚੋਂ ਨਸ਼ੇ ਦਾ ਮੁਕੰਮਲ ਖਾਤਮਾ ਨਹੀਂ ਕੀਤਾ ਜਾਂਦਾ ਅਤੇ ਨਸ਼ਾ ਤਸਕਰਾਂ ‘ਤੇ ਪੂਰੀ ਤਰ੍ਹਾਂ ਨਕੇਲ ਨਹੀਂ ਕੱਸੀ ਜਾਂਦੀ।
ਇਸ ਮੌਕੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਜਿੰਦਰ ਪਾਲ ਕੌਰ ਛੀਨਾ, ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਸ੍ਰੀ ਮਦਨ ਲਾਲ ਬੱਗਾ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਸ੍ਰੀ ਹਾਕਮ ਸਿੰਘ ਠੇਕੇਦਾਰ, ਜਗਰਾਉਂ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ, ਚੇਅਰਮੈਨ ਪੰਜਾਬ ਜੈਨਕੋ ਬੋਰਡ ਨਵਜੋਤ ਸਿੰਘ ਜਰਗ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਲੁਧਿਆਣਾ ਸ਼ਰਨਪਾਲ ਸਿੰਘ ਮੱਕੜ, ‘ਆਪ’ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ, ਜ਼ਿਲ੍ਹਾ ਪ੍ਰਧਾਨ ਦਿਹਾਤੀ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ, ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਸੁਖਜੀਤ ਸਿੰਘ ਜ਼ੋਨਲ ਕੋਆਰਡੀਨੇਟਰ, ਬਲਬੀਰ ਚੌਧਰੀ ਕੋਆਰਡੀਨੇਟਰ ਲੁਧਿਆਣਾ ਸ਼ਹਿਰੀ, ਹੇਮਰਾਜ ਸਾਹਨੇਵਾਲ ਕੋਆਰਡੀਨੇਟਰ ਪੇਂਡੂ-1 ਅਤੇ ਮਨਜੀਤ ਸਿੰਘ ਕੋਆਰਡੀਨੇਟਰ ਪੇਂਡੂ-2 ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡਾਂ ਦੇ ਪੰਚ, ਸਰਪੰਚ, ਡਿਫੈਂਸ ਕਮੇਟੀਆਂ ਸਮੇਤ ਪਹੁੰਚੀਆਂ ਸ਼ਖਸ਼ੀਅਤਾਂ ਹਾਜ਼ਰ ਸਨ।
ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ ਅਤੇ ਇਸ ਘਿਨਾਉਣੇ ਜੁਰਮ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਗੈਰ-ਕਾਨੂੰਨੀ ਤਰੀਕਿਆਂ ਨਾਲ ਬਣਾਈ ਜਾਇਦਾਦ ਨੂੰ ਸੂਬਾ ਸਰਕਾਰ ਨੇ ਪਹਿਲੀ ਦਫ਼ਾ ਢਾਹਿਆ ਜਾਂ ਜ਼ਬਤ ਕੀਤਾ ਹੈ ਤਾਂ ਕਿ ਇਹ ਹੋਰਾਂ ਨੂੰ ਇਸ ਕੰਮ ਵਿੱਚ ਆਉਣ ਤੋਂ ਰੋਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਨਸ਼ਿਆਂ ਦੇ ਜੜ੍ਹੋਂ ਖਾਤਮੇ ਲਈ ਪਿੰਡ ਅਤੇ ਵਾਰਡ ਦੇ ਪਹਿਰੇਦਾਰ ਦੇ ਰੂਪ ਵਿੱਚ ਵਿਲੱਖਣ ਸ਼ੁਰੂਆਤ ਕੀਤੀ ਗਈ ਹੈ, ਜੋ ਸਹੀ ਮਾਇਨਿਆਂ ਵਿੱਚ ਯੋਧਿਆਂ ਦੀ ਫੌਜ ਹੋਵੇਗੀ। ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਇਹ ਫੈਸਲਾਕੁੰਨ ਜੰਗ ਸਾਬਿਤ ਹੋਵੇਗੀ। ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਨਸ਼ਾ ਮੁਕਤੀ ਯਾਤਰਾ ਨੂੰ ਹਰੇਕ ਪਿੰਡ, ਵਾਰਡ ਤੱਕ ਲਿਜਾ ਕੇ ਲੋਕ ਲਹਿਰ ਬਣਾਇਆ ਜਾਵੇਗਾ, ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਰਹਿਤ ਜਿੰਦਗੀ ਜਿਉਣ ਅਤੇ ਲੋਕ ਭਲਾਈ ਦੇ ਇਸ ਕਾਰਜ ਵਿੱਚ ਹਿੱਸਾ ਲੈ ਕੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਤੇ ਜੋਰ ਦਿੱਤਾ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਨਸ਼ਾ ਤਸਕਰਾਂ ਨੂੰ ਅਣਗੌਲਿਆਂ ਕਰਨ ਦੇ ਨਾਲ ਤਸਕਰਾਂ ਨੂੰ ਸਿਆਸੀ ਸੁਰੱਖਿਆ ਪ੍ਰਦਾਨ ਕੀਤੀ ਜਿਸਨੂੰ ਸੂਬੇ ਦੇ ਲੋਕ ਭਲੀ ਭਾਂਤ ਜਾਣਦੇ ਹਨ।
ਕੈਬਨਿਟ ਮੰਤਰੀ ਸ੍ਰ. ਹਰਦੀਪ ਸਿੰਘ ਮੁੰਡੀਆਂ ਵੱਲੋਂ ਸਮਾਗਮ ਦੌਰਾਨ ਪਿੰਡਾਂ ਦੇ ਪੰਚ, ਸਰਪੰਚ, ਡਿਫੈਂਸ ਕਮੇਟੀਆਂ ਸਮੇਤ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਪਿੰਡਾਂ, ਵਾਰਡਾਂ ਦਾ ਪਹਿਰੇਦਾਰ ਬਣਕੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਦਾ ਪ੍ਰਣ ਦਿਵਾਇਆ। ਪੰਡਾਲ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਨਸ਼ਿਆਂ ਖਿਲਾਫ ਆਵਾਜ ਬੁਲੰਦ ਕੀਤੀ।
ਕੈਬਨਿਟ ਮੰਤਰੀ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਨੂੰ ਕਾਮਯਾਬ ਕਰਨ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਵੱਖ-ਵੱਖ ਪਿੰਡਾਂ, ਵਾਰਡ ਰੱਖਿਆ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਜ਼ਮੀਨੀ ਪੱਧਰ ‘ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਚਲਾਉਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਘਰ ਦਾ ਕੋਈ ਵੀ ਮੈਂਬਰ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਹੈ ਤਾਂ ਉਸ ਨੂੰ ਸਰਕਾਰੀ ਨਸ਼ਾ ਛੁਡਾਉ ਕੇਂਦਰ ਵਿਖੇ ਲਿਆਂਦਾ ਜਾਵੇ ਅਤੇ ਸਰਕਾਰ ਵਾਅਦਾ ਕਰਦੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਜ਼ਿੰਦਗੀ ਬਚਾ ਕੇ ਉਨ੍ਹਾਂ ਨੂੰ ਮੁੜ ਤੋਂ ਸਿਹਤਮੰਦ ਜੀਵਨ ਜਿਊਣ ਦਾ ਮੌਕਾ ਦਿੱਤਾ ਜਾਵੇਗਾ।
ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਭਾਵੇਂ ਨਸ਼ਿਆਂ ਦੀ ਗੱਲ ਹੋਵੇ, ਭਾਵੇਂ ਪਾਣੀਆਂ ਦੀ, ਡਟ ਕੇ ਪਹਿਰਾ ਦੇ ਰਹੇ ਹਨ। ਸਰਕਾਰ ਇਸ ਮਾਮਲੇ ਵਿੱਚ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹੈ ਤੇ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ‘ਤੇ ਕੇਂਦਰ ਸਰਕਾਰ ਅਤੇ ਗੁਆਂਢੀ ਸੂਬੇ ਹਰਿਆਣਾ ਨੇ ਪਹਿਲਾਂ ਪਾਣੀਆਂ ਨੂੰ ਲੈ ਕੇ ਚਾਲਾਂ ਚੱਲੀਆਂ। ਗੁਆਢੀ ਸੂਬਿਆਂ ਨੂੰ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਦਾ ਨੁਕਸਾਨ ਕੀਤਾ। ਹੁਣ ਰਿਪੇਰੀਅਨ ਸੂਬੇ ਦੇ ਹੱਕਾਂ ਉਤੇ ਡਾਕਾ ਮਾਰਨ ਦੀ ਚਾਲ ਚੱਲਣਾ ਬਹੁਤ ਹੀ ਮੰਦਭਾਗੀ ਸੋਚ ਹੈ ਜੋ ਨਾ ਬਰਦਾਸ਼ਤਯੋਗ ਹੈ।
ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਜਾਂ ਤਾਂ ਨਸ਼ਿਆਂ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੀ ਜਵਾਨੀ ਨੂੰ ਬਚਾਉਣਾ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਗਲਤ ਰਾਹ ‘ਤੇ ਲੈ ਜਾਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਨਸ਼ੇ ਵੇਚ ਕੇ ਬਣਾਈਆਂ ਗਈਆਂ ਜਾਇਦਾਦਾਂ ਨੂੰ ਵੀ ਢਾਹਿਆ ਜਾ ਰਿਹਾ ਹੈ ਤਾਂ ਜੋ ਮੁੜ ਤੋਂ ਕੋਈ ਵੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ ਵਿੱਚ ਨਾ ਫਸਾ ਸਕੇ।
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਤਸਕਰਾਂ ਵਿਚਾਲੇ ਗਠਜੋੜ ਕਰਕੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਇਆ ਗਿਆ ਸੀ ਅਤੇ ਸਾਡੀ ਸਰਕਾਰ ਪੁਰਾਣੀਆਂ ਸਰਕਾਰਾਂ ਦੀ ਗੰਦਗੀ ਨੂੰ ਸਾਫ ਕਰ ਰਹੀ ਹੈ। ਉਹਨਾਂ ਕਿਹਾ ਕਿ ਹੁਣ ਪੁਲਿਸ ਤੇ ਕੋਈ ਸਿਆਸੀ ਦਬਾਅ ਨਹੀਂ ਹੈ, ਬਲਕਿ ਨਸ਼ੇ ਦੇ ਸੌਦਾਗਰਾਂ ਤੇ ਕਾਰਵਾਈ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਨੂੰ ਸਪੱਸ਼ਟ ਸੁਨੇਹਾ ਹੈ ਕਿ ਜਾਂ ਤਾਂ ਨਸ਼ੇ ਵੇਚਣੇ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡ ਦੇਣ। ਉਹਨਾਂ ਕਿਹਾ ਕਿ ਪਿੰਡਾਂ ਤੇ ਵਾਰਡ ਪੱਧਰ ਤੇ ਬਣੀਆਂ ਡਿਫੈਂਸ ਕਮੇਟੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਮੋਹਰੀ ਭੂਮਿਕਾ ਨਿਭਾਉਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਡਾ. ਅੰਕੁਰ ਗੁਪਤਾ ਅਤੇ ਐਸ.ਐਸ.ਪੀ ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਨਸ਼ਿਆਂ ਵਿਰੁੱਧ ਲੜ੍ਹਾਈ ਵਿੱਚ ਹਰ ਵਿਅਕਤੀ ਦੀ ਭੂਮਿਕਾ ਤੇ ਇਸ ਮੁਹਿੰਮ ਦੀ ਅਹਿਮੀਅਤ ਬਾਰੇ ਰੋਸ਼ਨੀ ਪਾਈ। ਉੇਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਪਬਲਿਕ ਮਿਲਕੇ ਕੰਮ ਕਰਨ ਨਾਲ ਹੀ ਇਹ ਨਸ਼ਿਆਂ ਵਿਰੁੱਧ ਯੁੱਧ ਜਿੱਤਿਆ ਜਾ ਸਕਦਾ ਹੈ। ਇੱਕ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਹੁਣ ਇੱਕ ਸੁਪਨਾ ਹੀ ਨਹੀ ਬਲਕਿ ਹਕੀਕਤ ਬਣਦੀ ਜਾ ਰਹੀ ਹੈ। ਸਮਾਜ ਦੇ ਹਰੇਕ ਵਿਅਕਤੀ ਦੀ ਭਾਗੀਦਾਰੀ ਨਾਲ ਹੀ ਭਵਿੱਖ ਵਿੱਚ ਅਸੀ ਨਸ਼ਿਆਂ ਤੋਂ ਮੁਕਤ ਪੰਜਾਬ ਦੀ ਸਥਾਪਨਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਜੰਗ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਵਟਸਐਪ ਹੈਲਪਲਾਈਨ ਨੰਬਰ 97791-00200 ਜਾਰੀ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਨਾਜਾਇਜ਼ ਗਤੀਵਿਧੀਆਂ ਚਲਾ ਰਹੇ ਨਸ਼ਾ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਇਸ ਵਟਸਐਪ ਨੰਬਰ ਉਤੇ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।