ਯੂਟਿਊਬਰ ਧਰੁਵ ਰਾਠੀ ਖਿਲਾਫ FIR ਦਰਜ, ਜਾਣੋ ਕੀ ਹੈ ਮਾਮਲਾ

13 ਜੁਲਾਈ 2024

ਯੂਟਿਊਬਰ ਧਰੁਵ ਰਾਠੀ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਆਉਂਦੇ ਰਹਿੰਦੇ ਹਨ। ਇਸ ਵਾਰ ਧਰੁਵ ਫਿਰ ਕਾਨੂੰਨੀ ਮੁਸੀਬਤ ਵਿੱਚ ਫਸ ਗਿਆ ਹੈ। ਜੀ ਹਾਂ, ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਧਰੁਵ ਰਾਠੀ ਦੇ ਖਿਲਾਫ ਐੱਫ.ਆਈ.ਆਰ. ਦਰਜ਼ ਕੀਤੀ ਹੈ।

ਦੱਸ ਦਈਏ ਕਿ ਧਰੁਵ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਬੇਟੀ ਅੰਜਲੀ ਦੇ UPSC ਕਲੀਅਰ ਕਰਨ ਬਾਰੇ ਟਵੀਟ ਕੀਤਾ ਸੀ, ਜਿਸ ਲਈ ਹੁਣ ਮਾਮਲਾ ਦਰਜ ਕੀਤਾ ਗਿਆ ਹੈ। ਇਲਜ਼ਾਮਾਂ ਮੁਤਾਬਕ ਧਰੁਵ ਰਾਠੀ ਨੇ ਟਵੀਟ ਕੀਤਾ ਸੀ ਕਿ ਅੰਜਲੀ ਨੇ ਬਿਨਾਂ ਪੇਸ਼ ਹੋਏ ਯੂਪੀਐਸਸੀ ਪ੍ਰੀਖਿਆ ਪਾਸ ਕਰ ਦਿੱਤੀ।

ਜਾਣਕਾਰੀ  ਅਨੁਸਾਰ ਅੰਜਲੀ ਦੇ ਚਚੇਰੇ ਭਰਾ ਨਮਨ ਮਹੇਸ਼ਵਰੀ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਨਮਨ ਨੇ ਆਪਣੀ ਸ਼ਿਕਾਇਤ ‘ਚ ਲਿਖਿਆ ਹੈ ਕਿ ਸਾਲ 2019 ‘ਚ ਅੰਜਲੀ ਨੇ ਪਹਿਲੀ ਕੋਸ਼ਿਸ਼ ‘ਚ ਯੂ.ਪੀ.ਐੱਸ.ਸੀ. ਪ੍ਰੀਖਿਆ ਪਾਸ ਕੀਤੀ ਸੀ। ਇਸ ਦੇ ਬਾਵਜੂਦ ਧਰੁਵ ਰਾਠੀ ਨੇ ਅੰਜਲੀ ਦੀ ਨਾ ਸਿਰਫ ਦੇਸ਼ ‘ਚ ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮੀ ਕੀਤੀ ਹੈ ਸਗੋਂ ਅੰਜਲੀ ਦੀ ਫੋਟੋ ਨੂੰ ਬਿਨਾਂ ਇਜਾਜ਼ਤ ਦੇ ਇਸਤੇਮਾਲ ਵੀ ਕੀਤਾ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮਾਣਹਾਨੀ, ਅੰਤਰਰਾਸ਼ਟਰੀ ਅਪਮਾਨ, ਸ਼ਾਂਤੀ ਭੰਗ ਕਰਨ ਅਤੇ ਭਾਰਤੀ ਨਿਆਂ ਸੰਹਿਤਾ ਦੀ ਆਈਟੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਦਰਜ ਹੁੰਦੇ ਹੀ ਧਰੁਵ ਰਾਠੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ।