ਸ਼ਰੇਆਮ ਦਰਜਨਾਂ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ,ਹੋਈ ਮੌਤ
ਪੰਜਾਬ ਨਿਊਜ਼,8 ਜੁਲਾਈ 2024
ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਦੋਂ ਟਰੱਕ ਯੂਨੀਅਨ ਵਿੱਚ ਬੈਠੇ ਜਸਪਾਲ ਸਿੰਘ ਅਠਿਆਨੀ ਨਾਂ ਦੇ ਨੌਜਵਾਨ ਨੂੰ ਕਰੀਬ ਇੱਕ ਦਰਜਨ ਹਮਲਾਵਰਾਂ ਨੇ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ।
ਇਸ ਘਟਨਾ ਤੋਂ ਬਾਅਦ ਹਮਲਾਵਰ ਟਰੱਕ ਯੂਨੀਅਨ ਤੋਂ ਫਰਾਰ ਹੋ ਗਏ ਅਤੇ ਜ਼ਖਮੀ ਨੌਜਵਾਨ ਨੂੰ ਪਹਿਲਾਂ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਫਿਰ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ ਹੈ। ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ਹੈ।
ਜ਼ਖ਼ਮੀ ਨੌਜਵਾਨ ਜਸਪਾਲ ਸਿੰਘ ਅਠਿਆਨੀ ਦੇ ਭਰਾ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਕਤਲ ਹੋਇਆ ਸੀ ਇਸ ਕਤਲ ਦੇ ਦੋਸ਼ੀ ਜੇਲ੍ਹ ਵਿੱਚ ਹਨ।ਪਰ ਫਿਰ ਵੀ ਹਮਲਾਵਰਾਂ ਵੱਲੋਂ ਉਨ੍ਹਾਂ ਦੇ ਭਰਾ ਨੂੰ ਉਸ ਕਤਲ ਕੇਸ ਦੀ ਰੰਜਿਸ਼ ਤਹਿਤ ਅੱਜ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਹਮਲਾਵਰਾਂ ਵੱਲੋਂ ਜਸਪਾਲ ਸਿੰਘ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਹਨ, ਜਦੋਂ ਕਿ ਉਸ ਦੀ ਇੱਕ ਬਾਜੂ ਪਹਿਲਾਂ ਹੀ ਕੰਮ ਨਹੀਂ ਕਰਦੀ ਹੈ।ਉਨ੍ਹਾਂ ਕਿਹਾ ਕਿ ਇਹ ਘਟਨਾ ਦੇ ਵਾਪਰਣ ਦੇ ਬਾਵਜੂਦ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ, ਉਹ ਆਪਣੀ ਪ੍ਰਾਈਵੇਟ ਗੱਡੀ ਰਾਹੀਂ ਹੀ ਜਸਪਾਲ ਨੂੰ ਇਲਾਜ ਲਈ ਬਠਿੰਡਾ ਲੈ ਕੇ ਆਏ ਹਨ।
ਜਸਪਾਲ ਸਿੰਘ ਦੀ ਮਾਤਾ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ।ਦੂਜੇ ਪਾਸੇ ਡੀਐਸਪੀ ਮੌੜ ਨੇ ਕਿਹਾ ਕਿ ਫਿਲਹਾਲ ਸਾਡੇ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਜਲਦ ਹੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ।