ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇੰਗਲੈਂਡ ਦੀਆਂ ਚੋਣਾਂ ’ਚ ਸਿੱਖ ਉਮੀਦਵਾਰਾਂ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ
ਨਿਊਜ਼ ਪੰਜਾਬ
ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇੰਗਲੈਂਡ ਦੀਆਂ ਪਾਰਲੀਮੈਂਟ ਚੋਣਾਂ ’ਚ ਪਹਿਲੀ ਵਾਰ 4 ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸਬੰਧਤ ਬੀਬੀਆਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਬਰਤਾਨੀਆ ਵਿਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ, ਉਨ੍ਹਾਂ ਕਿਹਾ ਕਿ ਇਹ ਜਿੱਤ ਵਿਸ਼ਵ ਵਿਆਪੀ ਸਿੱਖ ਕੌਮ ਲਈ ਮਾਣਮੱਤੀ ਪ੍ਰਾਪਤੀ ਹੈ l
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੀ ਇਕ-ਡੇਢ ਸਦੀ ਦੌਰਾਨ ਸਿੱਖਾਂ ਨੇ ਪੰਜਾਬ ਅਤੇ ਭਾਰਤ ਤੋਂ ਬਾਹਰ ਪੱਛਮੀ ਦੇਸ਼ਾਂ ਵੱਲ ਪ੍ਰਵਾਸ ਕੀਤਾ ਅਤੇ ਅੱਜ ਦੁਨੀਆ ਦੇ 161 ਤੋਂ ਵੱਧ ਮੁਲਕਾਂ ਵਿਚ ਸਿੱਖ ਵੱਸਦੇ ਹਨ। ਉਨ੍ਹਾਂ ਆਖਿਆ ਕਿ ਬਰਤਾਨੀਆ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਸਿੱਖ ਚੰਗੀ ਰਾਜਨੀਤਕ ਸਥਿਤੀ ਵਿਚ ਬੈਠੇ ਹੋਏ ਹਨ ਅਤੇ ਬਰਤਾਨੀਆ ਵਿਚ ਪਹਿਲਾਂ ਵੀ ਸਿੱਖ ਸਿਵਲ, ਪ੍ਰਸ਼ਾਸਨਿਕ ਤੇ ਰਾਜਨੀਤਕ ਖੇਤਰ ਵਿਚ ਚੰਗਾ ਪ੍ਰਭਾਵ ਬਣਾ ਚੁੱਕੇ ਹਨ ਪਰ ਬਰਤਾਨੀਆ ਵਿਚ ਹੁਣੇ ਹੋਈਆਂ ਪਾਰਲੀਮੈਂਟ ਚੋਣਾਂ ਦੌਰਾਨ ਚਾਰ ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸਬੰਧਤ 5 ਬੀਬੀਆਂ ਦਾ ਪਾਰਲੀਮੈਂਟ ਮੈਂਬਰ ਬਣਨਾ ਵੱਡੇ ਮਾਣ ਵਾਲੀ ਗੱਲ ਹੈ।
ਯੂਕੇ ਦੀਆਂ ਸੰਸਦੀ ਚੋਣਾਂ, ਜਿਸ ਵਿੱਚ ਸ਼ੁੱਕਰਵਾਰ ਨੂੰ ਐਲਾਨੇ ਗਏ ਨਤੀਜਿਆਂ ਅਨੁਸਾਰ ਸਿੱਖ ਭਾਈਚਾਰੇ ਦੇ ਰਿਕਾਰਡ 12 ਮੈਂਬਰ, ਜਿਨ੍ਹਾਂ ਵਿੱਚ ਛੇ ਔਰਤਾਂ ਵੀ ਸ਼ਾਮਲ ਹਨ, ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ। ਉਹ ਸੰਸਦ ਦੇ ਉਨ੍ਹਾਂ 28 ਭਾਰਤੀ ਮੂਲ ਦੇ ਮੈਂਬਰਾਂ ਵਿੱਚੋਂ ਹਨ, ਜਿਨ੍ਹਾਂ ਨੇ ਚੋਣ ਕੀਤੀ ਹੈ।
ਸਾਰੇ ਸਿੱਖ ਸੰਸਦ ਮੈਂਬਰ ਲੇਬਰ ਪਾਰਟੀ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਨੌਂ ਪਹਿਲੀ ਵਾਰ ਜਿੱਤੇ ਹਨ, ਦੋ ਜੋ ਲਗਾਤਾਰ ਤੀਜੀ ਵਾਰ ਚੁਣੇ ਗਏ ਹਨ, ਅਤੇ ਇੱਕ ਜਿਸ ਨੇ ਦੂਜੀ ਵਾਰ ਹਾਊਸ ਆਫ ਕਾਮਨਜ਼ ਵਿੱਚ ਜਗ੍ਹਾ ਬਣਾਈ ਹੈ।
ਸਲੋਹ ਤੋਂ ਲੇਬਰ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਉਰਫ਼ ਤਨ ਢੇਸੀ ਜੇਤੂ ਰਹੇ ਹਨ। ਉਨ੍ਹਾਂ ਨੂੰ 14,666 ਅਤੇ ਦੂਜੇ ਨੰਬਰ ਉੱਤੇ ਰਹੇ ਅਜ਼ਾਦ ਉਮੀਦਵਾਰ ਅਜ਼ਹਰ ਕੋਹਨ ਨੂੰ 11,019 ਵੋਟਾਂ ਮਿਲੀਆਂ। ਇੱਥੇ ਕੰਜ਼ਰਵੇਟਿਵ ਉਮੀਦਵਾਰ ਮੋਨੀ ਕੌਰ ਨੰਦਾ ਤੀਜੇ ਨੰਬਰ ਉੱਤੇ ਰਹੇ।
ਬਰਮਿੰਘਮ ਅਜਬੈਸਟਨ ਤੋਂ ਲੇਬਰ ਉਮੀਦਵਾਰ ਪ੍ਰੀਤ ਗਿੱਲ ਜੇਤੂ ਰਹੇ ਹਨ। ਉਨ੍ਹਾਂ ਨੂੰ 16,599 ਅਤੇ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਅਸ਼ਵੀਰ ਸੰਘਾ ਨੂੰ 8,231 ਵੋਟਾਂ ਮਿਲੀਆਂ।
ਫੇਲਥਾਮ ਅਤੇ ਹੇਸਟੋਨ ਤੋਂ ਲੇਬਰ ਉਮੀਦਵਾਰ ਸੀਮਾ ਮਲਹੋਤਰਾ ਜੇਤੂ ਰਹੇ ਹਨ। ਉਨ੍ਹਾਂ ਨੂੰ 16,139 ਵੋਟਾਂ ਜਦਕਿ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਰਿਵਾ ਗੁੱਡੀ ਨੂੰ 8,195 ਵੋਟਾਂ ਮਿਲੀਆਂ। ਇੱਥੋਂ ਰਿਫੌਰਮ ਪਾਰਟੀ ਦੇ ਪ੍ਰਭਦੀਪ ਸਿੰਘ 5,130 ਵੋਟਾਂ ਲੈ ਕੇ ਤੀਜੇ ਨੰਬਰ ਉੱਤੇ ਰਹੇ।
ਸਾਊਥ ਵੈਸਟ ਹਰਟਫੋਰਡਸ਼ਾਇਰ ਤੋਂ ਕੰਜ਼ਰਵੇਟਿਵ ਉਮੀਦਵਾਰ ਗਗਨ ਮੋਹਿੰਦਰਾ ਜੇਤੂ ਰਹੇ ਹਨ। ਉਨ੍ਹਾਂ ਨੂੰ 16,458 ਅਤੇ ਦੂਜੇ ਨੰਬਰ ਉੱਤੇ ਰਹੇ ਲਿਬਰਲ ਡੈਮੋਕਰੇਟ ਪਾਰਟੀ ਦੇ ਸੈਲੀ ਸਿਮਿੰਗਟਨ ਨੂੰ 12,002 ਵੋਟਾਂ ਪਈਆਂ। ਲੇਬਰ ਪਾਰਟੀ ਇੱਥੇ ਤੀਜੇ ਨੰਬਰ ਤੇ ਰਹੀ,
ਗੁਰਿੰਦਰ ਸਿੰਘ ਜੋਸਨ, ਜੋ ਕਿ ਸਮਥਵਿਕ ਤੋਂ ਲੇਬਰ ਉਮੀਦਵਾਰ ਸਨ, ਜੇਤੂ ਰਹੇ ਹਨ। ਉਨ੍ਹਾਂ ਨੂੰ 16,858 ਵੋਟਾਂ ਪਈਆਂ। ਜਦਕਿ ਦੂਜੇ ਨੰਬਰ ਉੱਤੇ ਰਹਿਣ ਵਾਲੇ ਰਿਫੌਰਮ ਯੂਕੇ ਪਾਰਟੀ ਦੇ ਪੇਟੇ ਡਿਰਨੈਲ ਨੂੰ 5,670 ਵੋਟਾਂ ਪਈਆਂ।
ਇਲਫੋਰਡ ਸਾਊਥ ਤੋਂ ਲੇਬਰ ਉਮੀਦਵਾਰ ਜੱਸ ਅਠਵਾਲ ਜੇਤੂ ਰਹੇ ਹਨ। ਉਨ੍ਹਾਂ ਨੂੰ 16,537 ਵੋਟਾਂ ਪਈਆਂ ਜਦਕਿ ਦੂਜੇ ਨੰਬਰ ਉੱਤੇ ਰਹਿਣ ਵਾਲੇ ਅਜ਼ਾਦ ਉਮੀਦਵਾਰ ਨੂਰ ਬੇਗਮ ਨੂੰ 9,643 ਵੋਟਾਂ ਪਈਆਂ। ਇੱਥੇ ਕੰਜ਼ਰਵੇਟਿਵ ਪਾਰਟੀ ਤੀਜੇ ਨੰਬਰ ਉੱਤੇ ਰਹੀ।
ਸਾਊਥੈਂਪਟਨ ਟੈਸਟ ਤੋਂ ਲੇਬਰ ਉਮੀਦਵਾਰ ਸਤਵੀਰ ਕੌਰ ਜੇਤੂ ਰਹੇ ਹਨ। ਉਨ੍ਹਾਂ ਨੂੰ 15,945 ਵੋਟਾਂ ਪਈਆਂ ਜਦਕਿ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਬੈਨ ਬਰਕੰਬਫਾਇਲਰ 6,612 ਵੋਟਾਂ ਲੈ ਸਕੇ।
ਹਡਰਸਫੀਲਡ ਤੋਂ ਲੇਬਰ ਉਮੀਦਵਾਰ ਹਰਪ੍ਰੀਤ ਉੱਪਲ ਜੇਤੂ ਰਹੇ ਹਨ। ਉਨ੍ਹਾਂ ਨੂੰ 15,101 ਅਤੇ ਦੂਜੇ ਨੰਬਰ ਉੱਤੇ ਰਹੇ ਗਰੀਨ ਪਾਰਟੀ ਦੇ ਐਂਡਰਿਊ ਕੂਪਰ ਨੂੰ 10,568 ਵੋਟਾਂ ਪਈਆਂ। ਕੰਜ਼ਰਵੇਟਿਵ ਪਾਰਟੀ ਇੱਥੇ ਵੀ ਤੀਜੇ ਨੰਬਰ ਉੱਤੇ ਰਹੀ।
ਵੁਲਵਰਹੈਂਪਟਨ ਵੈਸਟ ਤੋਂ ਲੇਬਰ ਉਮੀਦਵਾਰ ਵਰਿੰਦਰ ਜੱਸ ਜੇਤੂ ਰਹੇ ਹਨ। ਉਨ੍ਹਾਂ ਨੂੰ 19,331 ਜਦਕਿ ਕੰਜ਼ਰਵੇਟਿਵ ਉਮੀਦਵਾਰ ਮਾਈਕ ਨਿਊਟਨ ਨੂੰ 11,463 ਵੋਟਾਂ ਮਿਲੀਆਂ।