ਪੰਜਾਬ ਸਰਕਾਰ ਨੇ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ
ਪੰਜਾਬ ਨਿਊਜ਼,1 ਜੁਲਾਈ 2024
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸੂਬੇ ਦੀ ਲੀਚੀ ਨੂੰ ਵਿਦੇਸ਼ਾਂ ‘ਚ ਐਕਸਪੋਰਟ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਬਾਗ਼ਬਾਨੀ ਵਿਭਾਗ ਵੱਲੋਂ ਖੇਤੀਬਾੜੀ ਅਤੇ ਪ੍ਰੋਸੈੱਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੇ ਸਹਿਯੋਗ ਨਾਲ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਲੀਚੀ ਦੀ ਪਹਿਲੀ ਖੇਪ ਨੂੰ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਨਲਾਈਨ ਵਿਧੀ ਰਾਹੀਂ ਹਰੀ ਝੰਡੀ ਦੇ ਕੇ ਇੰਗਲੈਂਡ ਲਈ ਰਵਾਨਾ ਕੀਤਾ।
ਪੰਜਾਬ ਵਿੱਚ ਕੁੱਲ 3250 ਹੈਕਟੇਅਰ ਰਕਬੇ ‘ਚ ਲੀਚੀ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਕਰੀਬ 13000 ਮੀਟਰਕ ਟਨ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ‘ਚ ਲੀਚੀ ਲਈ ਅਨੁਕੂਲ ਵਾਤਾਵਰਣ ਹੋਣ ਕਾਰਨ ਇੱਥੋਂ ਦੀ ਲੀਚੀ ਦਾ ਕੁਦਰਤੀ ਗੂੜ੍ਹਾ ਲਾਲ ਰੰਗ ਅਤੇ ਮਿਠਾਸ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਹੀ ਵਧੀਆ ਹੈ। ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਲੀਚੀ ਦੀ ਪਹਿਲੀ ਖ਼ੇਪ ਇੰਗਲੈਂਡ ਲਈ ਐਕਸਪੋਰਟ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲਿਆਂ ਰਾਹੀਂ ਲੀਚੀ ਦੇ ਬਾਗ਼ਬਾਨ ਐਕਸਪੋਰਟ ਜ਼ਰੀਏ ਹੋਰ ਵੱਧ ਮੁਨਾਫ਼ਾ ਕਮਾ ਸਕਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਗ਼ਬਾਨੀ ਵਿਭਾਗ ਅਤੇ ਅਪੇਡਾ ਦੇ ਸਹਿਯੋਗ ਨਾਲ ਬਾਗ਼ਬਾਨੀ ਦੀਆਂ ਹੋਰ ਫ਼ਸਲਾਂ ਨੂੰ ਵੀ ਵਿਦੇਸ਼ ਭੇਜਣ ਦੇ ਉਪਰਾਲੇ ਕੀਤੇ ਜਾਣਗੇ।