ਬਿਆਸ ਤੋਂ ਘਰ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ,1 ਦੀ ਮੌਤ 4 ਜ਼ਖਮੀ 

1 ਜੁਲਾਈ 2024

ਬਿਆਸ ਤੋਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਜਾ ਰਹੀ ਆਲਟੋ ਕਾਰ ਦੀ ਸਵਿਫਟ ਕਾਰ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ।ਜਦੋਂ ਇਹ ਕਾਰ ਘਈ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਸਬਜ਼ੀਆਂ ਲੈ ਕੇ ਜਾ ਰਹੀ ਇੱਕ ਸਵਿਫਟ ਕਾਰ ਅਚਾਨਕ ਸੜਕ ਵਿੱਚ ਜਾ ਵੜੀ ਅਤੇ ਪਿੱਛੇ ਆ ਰਹੀ ਆਲਟੋ ਕਾਰ ਉਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰਾਂ ਦੇ ਪਰਖੱਚੇ ਉੱਡ ਗਏ ਅਤੇ ਆਲਟੋ ਕਾਰ ਪਲਟ ਕੇ ਦੂਰ ਜਾ ਗਈ। ਜਿਸ ਵਿੱਚ ਇੱਕੋ ਪਰਿਵਾਰ ਦੇ 5 ਲੋਕ ਸਵਾਰ ਸਨ, ਜੋ ਬਿਆਸ ਤੋਂ ਆਪਣੇ ਘਰ ਨਾਲਾਗੜ੍ਹ ਜਾ ਰਹੇ ਸਨ। ਸੜਕ ਸੁਰੱਖਿਆ ਬਲਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਗੀਰਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਆਲਟੋ ਕਾਰ ’ਚ ਸਵਾਰ ਵਿਅਕਤੀਆਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਰਣਜੀਤ ਕੁਮਾਰ ਪੁੱਤਰ ਪ੍ਰੇਮ ਕੁਮਾਰ (50), ਸੌਰਵ ਪੁੱਤਰ ਰਣਜੀਤ ਕੁਮਾਰ (19), ਸੁਮਨ ਪਤਨੀ ਰਣਜੀਤ ਕੁਮਾਰ (45), ਬੰਦਨਾ ਪੁੱਤਰੀ ਰਣਜੀਤ ਕੁਮਾਰ (20), ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਗੰਭੀਰ ਜ਼ਖ਼ਮੀ ਹੋ ਗਏ |

ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ ਅਤੇ ਰਣਜੀਤ ਕੁਮਾਰ, ਸੁਮਨ, ਬੰਧਨਾ ਅਤੇ ਸੌਰਵ ਨੂੰ ਚੰਡੀਗੜ੍ਹ 32 ਸੈਕਟਰ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਸਵਿਫਟ ਕਾਰ ‘ਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਲਿਜਾਇਆ ਗਿਆ।