ਪੰਚਾਇਤ ਵਿਭਾਗ ਵਲੋਂ ਸਰਕਾਰੀ ਵਿਭਾਗਾਂ ਨੂੰ ਤਿੰਨ ਲੱਖ ਮਾਸਕ ਮੁਹੱਈਆ ਕਰਵਾਏ ਗਏ-ਤ੍ਰਿਪਤ ਬਾਜਵਾ

ਵਿਭਾਗ ਨੇ ਖੇਤਾਂ ਅਤੇ ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕਤਾ ਮੁਹਿੰਮ ਵਿੱਢੀ
ਚੰਡੀਗੜ•, 18 ਅਪ੍ਰੈਲ (news punjab): ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਕੌਮੀ ਪੇਂਡੂ ਅਜੀਵਕਾ ਮਿਸ਼ਨ ਸਕੀਮ ਤਹਿਤ ਬਣਾਏ ਸਵੈ ਸਹਾਇਤਾ ਗਰੁੱਪਾਂ ਰਾਹੀਂ ਕਰੋਨਾ ਵਿਸ਼ਾਣੂ ਕਾਰਨ ਬਣੇ ਹੋਏ ਗੰਭੀਰ ਸੰਕਟ ਦੇ ਦੌਰ ਵਿਚ ਸਰਕਾਰੀ ਵਿਭਾਗਾਂ ਨੂੰ ਹੁਣ ਤੱਕ ਤਕਰੀਬਨ ਤਿੰਨ ਲੱਖ ਮੈਡੀਕਲ ਮਾਸਕ ਮੁਹੱਈਆ ਕਰਵਾਏ ਜਾ ਚੁੱਕੇ ਹਨ।
Êਪੰਚਾਇਤ ਵਿਭਾਗ ਦੇ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਦਸਿਆ ਕਿ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਦੀ ਹਿੰਮਤ ਨਾਲ ਜਿੱਥੇ ਕਰੋਨਾ ਨਾਲ ਲੜ ਰਹੇ ਸਿਹਤ ਅਤੇ ਪੁਲੀਸ ਸਮੇਤ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹਨਾਂ ਮਾਸਕਾਂ ਨਾਲ ਲੋਂੜੀਦੀ ਸੁਰੱਖਿਆ ਛੱਤਰੀ ਮੁਹੱਈਆ ਹੋਈ ਹੈ ਉਥੇ ਇਸ ਸੰਕਟ ਦੇ ਸਮੇਂ ਵਿੱਚ ਪੇਂਡੂ ਔਰਤਾਂ ਨੂੰ ਕੁਝ ਕਮਾਈ ਵੀ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਮਾਸਕ ਬਣਾਉਣ ਦੇ ਕੰਮ ਵਿਚ ਹੁਣ ਤੱਕ ਸਵੈ ਸਹਾਇਤਾ ਗਰੁੱਪ ਦੀਆਂ 3395 ਮੈਂਬਰਾਂ ਨੂੰ ਤਕਰੀਬਨ ਨੌ ਲੱਖ ਰੁਪਏ ਦੀ ਆਮਦਨੀ ਹੋਈ ਹੈ।
ਸ਼੍ਰੀ ਬਾਜਵਾ ਨੇ ਦੱਸਿਆ ਕਿ ਮਾਸਕ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਜਿਹੜੇ ਨਵੇਂ ਆਰਡਰ ਮਿਲ ਰਹੇ ਹਨ ਉਹ ਨਾਲ ਦੀ ਨਾਲ ਭੁਗਤਾਏ ਜਾ ਰਹੇ ਹਨ। ਉਹਨਾਂ ਦਸਿਆ ਕਿ ਅੱਜ ਤਕਰੀਬਨ 25 ਹਜ਼ਾਰ ਮਾਸਕ ਬਣਾਉਣ ਦੇ ਆਰਡਰ ਮਿਲੇ ਹਨ ਜੋ ਕੱਲ• ਤੱਕ ਮੁਹੱਈਆ ਕਰਵਾ ਦਿੱਤੇ ਜਾਣਗੇ।
ਪੰਚਾਇਤ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਕਰੋਨਾ ਵਿਰੁੱਧ ਸੂਬਾ ਸਰਕਾਰ ਵਲੋਂ ਲੜੀ ਜਾ ਰਹੀ ਜੰਗ ਵਿਚ ਸਿਹਤ ਵਿਭਾਗ ਨਾਲ ਮਿਲਕੇ ਅੱਗੇ ਹੋ ਕੇ ਲੜਾਈ ਲੜ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਸਿਰਫ਼ ਦੋ ਦਿਨਾਂ ਵਿਚ ਪੰਜਾਬ ਦੇ ਪਿੰਡਾਂ ਵਿਚ ਬਾਹਰਲੇ ਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਉਹਨਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਕਰਵਾਈ ਸੀ ਤਾਂ ਕਿ ਉਹਨਾਂ ਦੀ ਸਕਰੀਨਿੰਗ ਕੀਤੀ ਜਾ ਸਕੇ। ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੇਰਤ ਕਰ ਕੇ ਪੰਜਾਬ ਦੇ ਹਰ ਪਿੰਡ ਦੀ ਤਾਲਾਬੰਦੀ ਕਰਵਾ ਕੇ ਕਰੋਨਾ ਦੀ ਕੜੀ ਨੂੰ ਤੋੜਿਆ।
ਸ਼੍ਰੀ ਬਾਜਵਾ ਨੇ ਦੱਸਿਆ ਕਿ ਕਣਕ ਦੀ ਵਾਢੀ ਅਤੇ ਮੰਡੀਕਰਨ ਦੌਰਾਨ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਪੰਚਾਇਤ ਵਿਭਾਗ ਵੱਲੋਂ ਹਰ ਪਿੰਡ ਅਤੇ ਹਰ ਮੰਡੀ ਵਿਚ ਵੱਡ-ਅਕਾਰੀ ਪੋਸਟਰ ਲਾ ਕੇ ਲੋਕਾਂ ਨੂੰ ਖੇਤਾਂ ਅਤੇ ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ ਹੈ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਲੋਕਾਂ ਵਲੋਂ ਮਿਲ ਰਹੇ ਲਾਮਿਸਾਲ ਸਹਿਯੋਗ ਸਦਕਾ ਪੰਜਾਬ ਛੇਤੀ ਹੀ ਇਸ ਜੰਗ ਵਿਚ ਜੇਤੂ ਹੋ ਕੇ ਨਿਕਲੇਗਾ।