ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਨੇੜੇ ਪ੍ਰਿੰਟਿੰਗ ਪ੍ਰੈਸ ਦੀ ਅਚਨਚੇਤ ਚੈਕਿੰਗ
ਲੁਧਿਆਣਾ, 27 ਮਈ 2024
ਲੋਕ ਸਭਾ ਚੋਣਾਂ-2024 ਦੌਰਾਨ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਲਈ ਵਚਨਬੱਧ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਨੇੜੇ ਫੀਲਡ ਗੰਜ ਇਲਾਕੇ ਵਿੱਚ ਸਥਿਤ ਇੱਕ ਪ੍ਰਿੰਟਿੰਗ ਪ੍ਰੈਸ ਦੀ ਅਚਨਚੇਤ ਚੈਕਿੰਗ ਕੀਤੀ। ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ) ਲੁਧਿਆਣਾ ਕੇਂਦਰੀ ਓਜਸਵੀ ਅਲੰਕਾਰ ਦੀ ਦੇਖ-ਰੇਖ ਹੇਠ ਕਾਰਵਾਈ ਕਰਦਿਆਂ ਫਲਾਇੰਗ ਸਕੁਐਡ ਟੀਮ (ਐਫ.ਐਸ.ਟੀ.) ਨੇ ਹੋਰ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਪ੍ਰਿੰਟਿੰਗ ਪ੍ਰੈਸ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੀ ਚੋਣ ਪ੍ਰਚਾਰ ਸਮੱਗਰੀ (ਹੋਰਡਿੰਗਜ਼/ਪੋਸਟਰ) ਜ਼ਬਤ ਕਰ ਲਏ ਜਿਨ੍ਹਾਂ ‘ਤੇ ਪ੍ਰਕਾਸ਼ਕ ਅਤੇ ਪ੍ਰਿੰਟਰ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਇਸ ਸਬੰਧੀ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਕਿਉਂਕਿ ਇਹ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 127-ਏ ਦੀ ਉਲੰਘਣਾ ਹੈ। ਏ.ਆਰ.ਓ ਓਜਸਵੀ ਅਲੰਕਾਰ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਤਹਿਤ, ਉਹ ਸਖ਼ਤ ਨਿਗਰਾਨੀ ਰੱਖ ਰਹੇ ਹਨ ਤਾਂ ਜੋ ਆਦਰਸ਼ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਾ ਹੋਵੇ। ਟੀਮਾਂ ਵੱਲੋਂ ਕੋਤਾਹੀ ਬਾਰੇ ਪਤਾ ਲੱਗਣ ਤੋਂ ਬਾਅਦ ਪ੍ਰਿੰਟਿੰਗ ਪ੍ਰੈਸ ‘ਤੇ ਛਾਪੇਮਾਰੀ ਕੀਤੀ ਗਈ ਅਤੇ ਪ੍ਰਕਾਸ਼ਕਾਂ ਅਤੇ ਪ੍ਰਿੰਟਰਾਂ ਦੇ ਨਾਵਾਂ ਤੋਂ ਬਿਨਾਂ ਹੋਰਡਿੰਗ/ਪੋਸਟਰ ਜ਼ਬਤ ਕਰ ਲਏ ਗਏ ਹਨ। ਏ.ਆਰ.ਓ ਅਲੰਕਾਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਹੋਰਡਿੰਗ/ਪੋਸਟਰਾਂ ਆਦਿ ‘ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੇ ਨਾਮ ਛਾਪਣਾ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨਾ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 127-ਏ ਦੀ ਉਲੰਘਣਾ ਹੈ ਅਤੇ ਜ਼ਬਤ ਸਮੱਗਰੀ ਸਬੰਧਤ ਪੁਲਿਸ ਸਟੇਸ਼ਨ ਵਿੱਚ ਰੱਖੀ ਗਈ ਹੈ। ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੂੰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ