ਕੋਵਿਡ ਵੈਕਸੀਨ ਦੇ ਸਾਈਡ ਇਫੈਕਟ ਦੇ 50 ਤੋਂ ਵੱਧ ਮਾਮਲੇ ਦਰਜ, AstraZeneca ਨੇ ਦੁਨੀਆ ਭਰ ਤੋਂ ਵਾਪਸ ਮੰਗਵਾਈ ਕੋਰੋਨਾ ਵੈਕਸੀਨ।
8 ਮਈ 2024
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੁਨੀਆ ਭਰ ਦੇ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਾਉਣ ਵਾਲੀ ਕੰਪਨੀ AstraZeneca ਨੇ ਆਪਣੀ ਕੋਰੋਨਾ ਵੈਕਸੀਨ ਨੂੰ ਵਾਪਸ ਬੁਲਾ ਲਿਆ ਹੈ। AstraZeneca ਦਾ ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਗਿਆ ਹੈ ਜਦੋਂ ਕੰਪਨੀ ਨੇ ਹਾਲ ਹੀ ‘ਚ ਮੰਨਿਆ ਹੈ ਕਿ ਕੁਝ ਮਾਮਲਿਆਂ ‘ਚ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ ਸਾਹਮਣੇ ਆਏ ਹਨ ।
ਧਿਆਨ ਯੋਗ ਹੈ ਕਿ ਐਸਟਰਾਜ਼ੇਨੇਕਾ ਦੁਆਰਾ ਲਾਇਸੰਸਸ਼ੁਦਾ ਕੋਵਿਸ਼ੀਲਡ ਵੈਕਸੀਨ ਭਾਰਤ ਵਿੱਚ ਵੀ ਕੋਰੋਨਾ ਤੋਂ ਬਚਾਅ ਲਈ ਦਿੱਤੀ ਗਈ ਸੀ।ਕੋਵਿਸ਼ੀਲਡ ਦਾ ਨਿਰਮਾਣ ਭਾਰਤ ਵਿੱਚ ਕੀਤਾ ਗਿਆ ਸੀ, ਪਰ ਹੁਣ ਤੱਕ ਭਾਰਤ ਵਿੱਚ ਕੋਰੋਨਾ ਵੈਕਸੀਨ ਨੂੰ ਵਾਪਸ ਲੈਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਰਿਪੋਰਟ ਦੇ ਅਨੁਸਾਰ, ਐਸਟਰਾਜ਼ੇਨੇਕਾ ਨੇ ਦਾਅਵਾ ਕੀਤਾ ਹੈ ਕਿ ਵੈਕਸੀਨ ਦਾ ਅਪਡੇਟਿਡ ਸੰਸਕਰਣ ਉਪਲਬਧ ਹੈ, ਇਸ ਲਈ ਵੈਕਸੀਨ ਦੇ ਪੁਰਾਣੇ ਸਟਾਕ ਨੂੰ ਵਾਪਸ ਬੁਲਾ ਲਿਆ ਗਿਆ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਵੈਕਸਜ਼ਰਵੇਰੀਆ ਵੈਕਸੀਨ ਨੂੰ 5 ਮਾਰਚ ਨੂੰ ਹੀ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਸੀ ਪਰ ਇਹ ਹੁਕਮ 7 ਮਈ ਤੋਂ ਲਾਗੂ ਹੋ ਗਿਆ।।
AstraZeneca ਕੰਪਨੀ ਕੋਵਿਡ ਵੈਕਸੀਨ ਨੂੰ ਲੈ ਕੇ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਦੋਸ਼ ਹੈ ਕਿ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੈਮੀ ਸਕਾਟ ਨਾਂ ਦੇ ਵਿਅਕਤੀ ਨੇ ਐਸਟਰਾਜੇਨੇਕਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸਕਾਟ ਦਾ ਦੋਸ਼ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਉਸ ਦੇ ਸਰੀਰ ਵਿਚ ਖੂਨ ਦੇ ਥੱਕੇ ਬਣਨ ਅਤੇ ਦਿਮਾਗ ਵਿਚ ਖੂਨ ਵਹਿਣ ਦੀ ਸਮੱਸਿਆ ਸੀ। ਇਸ ਕਾਰਨ ਉਸ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ। ਕੰਪਨੀ ਖਿਲਾਫ ਅਜਿਹੇ 50 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਕੰਪਨੀ ਨੇ ਅਦਾਲਤ ‘ਚ ਲਿਖਤੀ ਦਸਤਾਵੇਜ਼ਾਂ ‘ਚ ਇਹ ਵੀ ਮੰਨਿਆ ਹੈ ਕਿ ਕੁਝ ਦੁਰਲੱਭ ਮਾਮਲਿਆਂ ‘ਚ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਦੇਖੇ ਜਾ ਸਕਦੇ ਹਨ।
AstraZeneca ਨੇ ਯੂਰਪ ਅਤੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਕੋਰੋਨਾ ਵੈਕਸੀਨ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਅਜੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਭਾਰਤ ਵਿੱਚ ਵੀ ਕੋਵੀਸ਼ੀਲਡ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਵੈਕਸੀਨ ਦੀ ਸੁਰੱਖਿਆ ਸਬੰਧੀ ਚਿੰਤਾਵਾਂ ‘ਤੇ ਸੁਣਵਾਈ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਵੀ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ ਪਰ ਅਜੇ ਤਰੀਕ ਤੈਅ ਨਹੀਂ ਹੋਈ ਹੈ।