ਪਾਕਿ ਕਬੱਡੀ ਟੀਮ ਨੂੰ ਲੈ ਕੇ ਦੁਚਿੱਤੀ ਬਰਕਰਾਰ, ਆਸਟ੍ਰੇਲੀਆ ਦੀ ਟੀਮ ਪੁੱਜੀ

ਚੰਡੀਗੜ੍ਹ : ਖੇਡ ਵਿਭਾਗ ਪੰਜਾਬ ਵੱਲੋਂ ਇਕ ਦਸੰਬਰ ਤੋਂ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਕੱਪ ‘ਚ ਹਿੱਸਾ ਲੈਣ ਲਈ ਆਸਟ੍ਰੇਲੀਆ ਦੀ ਟੀਮ ਪੰਜਾਬ ਪੁੱਜ ਚੁੱਕੀ ਹੈ ਪਰ ਪਾਕਿਸਤਾਨ ਦੀ ਟੀਮ ਨੂੰ ਕੇਂਦਰ ਵੱਲੋਂ ਅਜੇ ਤਕ ਹਰੀ ਝੰਡੀ ਨਹੀਂ ਮਿਲੀ, ਜਿਸ ਕਰ ਕੇ ਪੰਜਾਬ ਸਰਕਾਰ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਚਿੰਤਾ ਵਧੀ ਹੋਈ ਹੈ, ਕਿਉਂਕਿ ਮਾਂ ਖੇਡ ਕਬੱਡੀ ਦੇ ਪਿਆਰੇ ਭਾਰਤ ਤੇ ਪਾਕਿਸਤਾਨ ‘ਚ ‘ਕਬੱਡੀ-ਕਬੱਡੀ’ ਦੇਖਣ ਲਈ ਕਾਫ਼ੀ ਉਤਸ਼ਾਹਿਤ ਹਨ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਵਿਚ ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ‘ਚ ਹੁੰਦਾ ਰਿਹਾ ਅਤੇ ਹਰ ਫਾਈਨਲ ਮੈਚ ਭਾਰਤ ਦੇ ਹਿੱਸੇ ਆਇਆ ਹੈ।

ਪਾਕਿ ਟੀਮ ਬਾਰੇ ਕੇਂਦਰ ਸਰਕਾਰ ਨਾਲ ਕੀਤੀ ਜਾ ਰਹੀ ਗੱਲ : ਸੋਢੀ

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਟੀਮ ਨੂੰ ਮਨਜ਼ੂਰੀ ਦੇਣ ਲਈ ਭਾਰਤ ਸਰਕਾਰ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਕਬੱਡੀ ਟੂਰਨਾਮੈਂਟ ਵਿਚ ਅਮਰੀਕਾ, ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ, ਕੈਨੇਡਾ, ਸ੍ਰੀਲੰਕਾ, ਕੀਨੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ। ਆਸਟ੍ਰੇਲੀਆ ਦੀ ਟੀਮ ਪਹੁੰਚ ਚੁੱਕੀ ਹੈ, ਜਦਕਿ ਬਾਕੀ ਟੀਮਾਂ ਛੇਤੀ ਹੀ ਪਹੁੰਚ ਜਾਣਗੀਆਂ। ਉਨ੍ਹਾਂ ਦੱਸਿਆ ਕਿ ਉਦਘਾਟਨੀ ਮੈਚ ਬਾਬੇ ਨਾਨਕ ਦੀ ਕਰਮ ਭੂਮੀ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਫਾਈਨਲ ਮੁਕਾਬਲਾ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ, ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ ਕ੍ਰਮਵਾਰ 15 ਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੋਢੀ ਅਨੁਸਾਰ ਟੂਰਨਾਮੈਂਟ ਵਿਚ 9 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਦੀ ਮੇਜ਼ਬਾਨੀ ਲਈ ਪੰਜਾਬ ਤਿਆਰ ਹੈ।

ਇਥੇ ਹੋਵੇਗੀ ‘ਕਬੱਡੀ ਕਬੱਡੀ’

ਜਾਣਕਾਰੀ ਅਨੁਸਾਰ ਇਕ ਦਸੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਪਹਿਲੇ ਦਿਨ ਚਾਰ ਮੁਕਾਬਲੇ ਹੋਣਗੇ, ਜਦਕਿ 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਅੰਮਿ੍ਤਸਰ, 4 ਨੂੰ ਗੁਰੂ ਰਾਮਦਾਸ ਸਟੇਡੀਅਮ ਗੁਰੂ ਹਰਿਸਹਾਏ (ਿਫ਼ਰੋਜ਼ਪੁਰ), 5 ਨੂੰ ਸਪੋਰਟਸ ਸਟੇਡੀਅਮ ਬਠਿੰਡਾ, 6 ਨੂੰ ਪੋਲੋ ਗਰਾਊਂਡ ਪਟਿਆਲਾ, 8 ਨੂੰ ਸੈਮੀ ਫਾਈਨਲ ਮੁਕਾਬਲੇ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਅਤੇ 10 ਦਸੰਬਰ ਨੂੰ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋਣਗੇ।