ਅਮਿਤ ਸ਼ਾਹ ਦੇ ਐਡਿਟ ਵੀਡੀਓ ਮਾਮਲੇ ‘ਚ ਐਕਸ ਦੀ ਵੱਡੀ ਕਾਰਵਾਈ, ਝਾਰਖੰਡ ਕਾਂਗਰਸ ਦਾ ਖਾਤਾ ਸਸਪੈਂਡ।
ਨਵੀਂ ਦਿੱਲੀ: 2 ਮਈ 2024
ਝਾਰਖੰਡ ਕਾਂਗਰਸ ਦਾ ਐਕਸ ਅਕਾਊਂਟ ਸਸਪੈਂਡ ਕਰ ਦਿਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਸ ਹੈਂਡਲ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫਰਜ਼ੀ ਵੀਡੀਓ ਸਾਂਝਾ ਕੀਤਾ।ਜਾਣਕਾਰੀ ਲਈ ਦੱਸ ਦੇਈਏ ਕਿ ਅਮਿਤ ਸ਼ਾਹ ਦੇ ਫਰਜ਼ੀ ਵੀਡੀਓ ਮਾਮਲੇ ‘ਚ ਹੁਣ ਤੱਕ 20 ਨੇਤਾਵਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਤਿੰਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਵਿਚ 30 ਅਪ੍ਰੈਲ ਨੂੰ ਅਹਿਮਦਾਬਾਦ ਤੋਂ ਕਾਂਗਰਸ ਵਿਧਾਇਕ ਜਿਗਨੇਸ਼ ਮੇਵਾਨੀ ਦੇ ਪੀਏ, ਇਕ ਆਮ ਆਦਮੀ ਪਾਰਟੀ ਦੇ ਵਰਕਰ ਅਤੇ 29 ਅਪ੍ਰੈਲ ਨੂੰ ਅਸਾਮ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਦਿੱਲੀ ਪੁਲਿਸ ਨੇ ਵੀਰਵਾਰ ਨੂੰ ਤਿੰਨ ਨੇਤਾਵਾਂ ਨੂੰ ਨੋਟਿਸ ਦਿੱਤਾ ਹੈ। ਇਸ ਵਿੱਚ ਝਾਰਖੰਡ ਕਾਂਗਰਸ ਪ੍ਰਧਾਨ, ਨਾਗਾਲੈਂਡ ਕਾਂਗਰਸ ਪ੍ਰਧਾਨ ਅਤੇ ਯੂਪੀ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਮਨੋਜ ਕਾਕਾ ਹਨ। ਜਾਂਚ ਵਿੱਚ ਸ਼ਾਮਲ ਹੋਣ ਲਈ ਉਸ ਨੂੰ 2 ਮਈ ਨੂੰ ਦਿੱਲੀ ਪੁਲੀਸ ਦੇ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪਰੇਸ਼ਨਜ਼ ਦਫ਼ਤਰ ਵਿੱਚ ਪੇਸ਼ ਹੋਣਾ ਪਵੇਗਾ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਫਰਜ਼ੀ ਵੀਡੀਓ ਮਾਮਲੇ ਵਿੱਚ 28 ਅਪ੍ਰੈਲ ਨੂੰ ਐਫਆਈਆਰ ਦਰਜ ਕੀਤੀ ਸੀ। ਨੋਟਿਸ ਮਿਲਣ ਦੀ ਪੁਸ਼ਟੀ ਕਰਦਿਆਂ ਝਾਰਖੰਡ ਕਾਂਗਰਸ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਪੁਲਿਸ ਤੋਂ ਨੋਟਿਸ ਮਿਲਿਆ ਹੈ। ਮੈਨੂੰ ਇਹ ਸਮਝ ਨਹੀਂ ਆ ਰਹੀ ਹੈ ਕਿ ਮੈਨੂੰ ਨੋਟਿਸ ਕਿਉਂ ਦਿੱਤਾ ਗਿਆ ਹੈ। ਇਹ ਅਰਾਜਕਤਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੇਕਰ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਮੇਰੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰਨੀ ਚਾਹੀਦੀ ਸੀ।
ਠਾਕੁਰ ਨੇ ਕਿਹਾ ਕਿ ਚੋਣ ਪ੍ਰਚਾਰ ਆਪਣੇ ਸਿਖਰ ‘ਤੇ ਹੈ। ਮੈਂ ਪ੍ਰਚਾਰ ਕਰਨ ‘ਚ ਰੁੱਝਿਆ ਹੋਇਆ ਹਾਂ। ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਮੇਰਾ ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਮੰਗਿਆ ਹੈ। ਚੀਜ਼ਾਂ ਦੀ ਪੁਸ਼ਟੀ ਕੀਤੇ ਬਿਨਾਂ ਸੰਮਨ ਜਾਰੀ ਕਰਨਾ ਉਚਿਤ ਨਹੀਂ ਹੈ। ਅਸੀਂ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਲੈ ਰਹੇ ਹਾਂ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਰੇਵੰਤ ਰੈਡੀ ਸਮੇਤ ਕੁੱਲ 17 ਲੋਕਾਂ ਨੂੰ ਨੋਟਿਸ ਦਿੱਤਾ ਸੀ। ਰੈਡੀ ਅਤੇ ਕਾਂਗਰਸ ਦੀ ਤੇਲੰਗਾਨਾ ਇਕਾਈ ਦੇ ਚਾਰ ਹੋਰ ਨੇਤਾਵਾਂ ਨੂੰ 1 ਮਈ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਹਾਲਾਂਕਿ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਖੁਦ ਪੇਸ਼ ਨਹੀਂ ਹੋਏ। ਉਸ ਦਾ ਵਕੀਲ ਦਿੱਲੀ ਪੁਲਿਸ ਦੀ IFSO ਸ਼ਾਖਾ ਦੇ ਸਾਹਮਣੇ ਪੇਸ਼ ਹੋਇਆ।