ਲੋਕ ਸਭਾ ਚੋਣਾਂ ਦੀਆਂ ਦੂਜੇ ਗੇੜ ਦੀ ਵੋਟਿੰਗ ਹੋਵੇਗੀ ਕੱਲ।
25 ਅਪ੍ਰੈਲ 2024
ਦੂਜੇ ਗੇੜ ਲਈ 13 ਸੂਬਿਆਂ ਦੀਆਂ 89 ਸੀਟਾਂ ‘ਤੇ 26 ਅਪ੍ਰੈਲ ਨੂੰ ਵੋਟਿੰਗ ਹੋਣ ਜਾ ਰਹੀ ਹੈ। ਦੂਜੇ ਗੇੜ ਦੀਆਂ ਵੋਟਾਂ ਲਈ ਚੋਣ ਪ੍ਰਚਾਰ ਮੁਹਿੰਮ ਬੁੱਧਵਾਰ ਸ਼ਾਮ ਖ਼ਤਮ ਹੋ ਗਈ ਸੀ। ਇਸ ਗੇੜ ‘ਚ ਕੇਰਲ ‘ਚ 20, ਕਰਨਾਟਕ ‘ਚ 14, ਰਾਜਸਥਾਨ ‘ਚ 13, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ‘ਚ ਅੱਠ-ਅੱਠ, ਮੱਧ ਪ੍ਰਦੇਸ਼ ‘ਚ ਸੱਤ, ਅਸਾਮ ਤੇ ਬਿਹਾਰ ‘ਚ ਪੰਜ-ਪੰਜ, ਬੰਗਾਲ ਤੇ ਛੱਤੀਸਗੜ੍ਹ ‘ਚ ਤਿੰਨ- ਤਿੰਨ ਤੇ ਮਨੀਪੁਰ, ਤ੍ਰਿਪੁਰਾ, ਜੰਮੂ-ਕਸ਼ਮੀਰ ‘ਚ ਇਕ-ਇਕ ਸੀਟ ‘ਤੇ ਮਤਦਾਨ ਹੋਵੇਗਾ।
ਦੂਜੇ ਗੇੜ ‘ਚ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਤਿਰੁਵਨੰਤਪੁਰਮ, ਭਾਜਪਾ ਦੇ ਤੇਜਸਵੀ ਸੂਰਿਆ ਕਰਨਾਟਕ, ਹੇਮਾ ਮਾਲਿਨੀ ਤੇ ਅਰੁਣ ਗੋਵਿਲ ਉੱਤਰ ਪ੍ਰਦੇਸ਼, ਕਾਂਗਰਸੀ ਆਗੂ ਰਾਹੁਲ ਗਾਂਧੀ ਵਾਇਨਾਡ, ਸ਼ਸ਼ੀ ਥਰੂਰ ਤਿਰੁਵਨੰਤਪੁਰਮ, ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਦੇ ਭਰਾ ਡੀਕੇ ਸੁਰੇਸ਼ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਸੱਤ ਗੇੜ ‘ਚ ਹੋ ਰਹੀਆਂ ਚੋਣਾਂ ਦੇ ਪਹਿਲੇ ਗੇੜ ਵਿਚ ਪਿਛਲੇ ਸ਼ੁੱਕਰਵਾਰ ਨੂੰ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਲਗਪਗ 65.5 ਫ਼ੀਸਦੀ ਮਤਦਾਨ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕ ਸਭਾ ਚੋਣਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਮੈਨੀਫੈਸਟੋ ਦੀ ਨਿੰਦਾ ਕੀਤੀ ਸੀ। ਇਸ ਨਾਲ ਦੇਸ਼ ਦਾ ਚੋਣ ਮਾਹੌਲ ਹੁਣ ਕਾਫ਼ੀ ਗਰਮ ਹੋ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਪਾਰਟੀ ਲੋਕਾ ਦੀ ਮਿਹਨਤ ਦੀ ਕਮਾਈ ਤੇ ਕੀਮਤੀ ਸਾਮਾਨ ਘੁਸਪੈਠੀਆ ਤੇ ਜਿਨ੍ਹਾਂ ਦੇ ਵੱਧ ਬੱਚੇ ਹਨ, ਨੂੰ ਦੇਣ ਦੀ ਯੋਜਨਾ ਬਣਾ ਰਹੀ ਹੈ। ਇਹ ਗੱਲ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਕਹੀ ਸੀ। ਕਾਂਗਰਸ ਨੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਅਸਲੀ ਮੁੱਦਿਆ ਤੋਂ ਭਟਕਾਉਣ ਲਈ ਝੂਠੇ ਦਾ ਸਹਾਰਾ ਲੈ ਰਹੇ ਹਨ। ਕਾਂਗਰਸ ਨੇ ਕਿਹਾ ਸੀ ਕਿ ਨਰੇਂਦਰ ਮੋਦੀ ਸਿਰਫ਼ ਹਿੰਦੂ ਮੁਸਲਿਮ ‘ਤੇ ਹੀ ਰਾਜਨੀਤੀ ਕਰ ਰਹੇ ਹਨ। ਦੇਸ਼ ਨੂੰ ਅਸਲ ਮੁੱਦਿਆਂ ਜਿਵੇਂ ਕੇ ਰੋਜ਼ਗਾਰ, ਬੇਰੋਜ਼ਗਾਰੀ, ਮਹਿੰਗਾਈ, ਸਿੱਖਿਆ ਅਤੇ ਸਿਹਤ ਤੋਂ ਦੂਰ ਰੱਖ ਰਹੇ ਹਨ।