ਅਬੋਹਰ ਵਿੱਚ ਵਾਪਰਿਆ ਭਿਆਨਕ ਹਾਦਸਾ,ਪੀਆਰਟੀਸੀ ਬੱਸ ਅਤੇ ਟਰਾਲੀ ਦੀ ਟੱਕਰ

ਪੰਜਾਬ ਨਿਊਜ਼:25 ਅਪ੍ਰੈਲ 2024

ਅਬੋਹਰ ਵਿੱਚ ਪੀਆਰਟੀਸੀ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਬੱਸ ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਈ, ਜਦਕਿ ਟਰੈਕਟਰ ਟਰਾਲੀ ਦੇ 3 ਟੁਕੜੇ ਹੋ ਗਏ। ਇਸ ਘਟਨਾ ਵਿੱਚ ਬੱਸ ਤੇ ਟਰੈਕਟਰ ਟਰਾਲੀ ਦੇ ਡਰਾਈਵਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੈਡੀਕਲ ਸੈਂਟਰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਬੱਸ ਵਿੱਚ 15 ਦੇ ਕਰੀਬ ਸਵਾਰੀਆਂ ਬੈਠੀਆਂ ਸਨ। ਬੱਸ ਦੇ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਅਬੋਹਰ ਤੋਂ ਮਲੋਟ ਵੱਲ ਜਾ ਰਿਹਾ ਸੀ। ਜਦੋਂ ਉਹ ਗੋਵਿੰਦਗੜ੍ਹ ਨੇੜੇ ਪੁੱਜਾ ਤਾਂ ਅਚਾਨਕ ਲਾਈਟਾਂ ਬੰਦ ਹੋ ਗਈਆਂ। ਅੱਗੇ ਪੁਲ ਦੀਆਂ ਲਾਈਟਾਂ ਵੀ ਬੰਦ ਸਨ। ਇਸ ਕਾਰਨ ਉਹ ਟਰੈਕਟਰ ਨੂੰ ਸੜਕ ‘ਤੇ ਅੱਗੇ ਜਾਂਦਾ ਨਹੀਂ ਦੇਖ ਸਕਿਆ।

ਗੁਰਪ੍ਰੀਤ ਨੇ ਦੱਸਿਆ ਕਿ ਹਨ੍ਹੇਰਾ ਹੋਣ ਕਾਰਨ ਬੱਸ ਇੱਕ ਟਰੈਕਟਰ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਵਾਹਨ ਬੇਕਾਬੂ ਹੋ ਗਏ। ਬੱਸ ਪੁਲ ਦੀ ਰੇਲਿੰਗ ਤੋੜ ਕੇ ਕਰੀਬ 4 ਫੁੱਟ ਦੀ ਉਚਾਈ ਤੋਂ ਡਿੱਗ ਕੇ ਪਲਟ ਗਈ।

ਬੱਸ ਚਾਲਕ ਗੁਰਪ੍ਰੀਤ ਸਿੰਘ ਤੋਂ ਇਲਾਵਾ ਟਰੈਕਟਰ ਟਰਾਲੀ ’ਤੇ ਸਵਾਰ ਭਗਤ ਸਿੰਘ ਵਾਸੀ ਪਿੰਡ ਗਦਰ ਖੇੜਾ ਰਾਜਸਥਾਨ ਤੇ ਸੁਖਪਾਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਦੌਦਾ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ।