ਪਟਨਾ ਰੇਲਵੇ ਸਟੇਸ਼ਨ ਨੇੜੇ ਪਾਲ ਹੋਟਲ ‘ ਚ ਅੱਗ ਲੱਗਣ ਕਾਰਨ 6 ਮੌਤਾਂ ਅਤੇ 45 ਜ਼ਖਮੀ।
ਪਟਨਾ: 25 ਅਪ੍ਰੈਲ 2024
ਵੀਰਵਾਰ ਨੂੰ ਪਟਨਾ ਰੇਲਵੇ ਸਟੇਸ਼ਨ ਨੇੜੇ ਹੋਟਲਾਂ ਦੀਆਂ ਤਿੰਨ ਇਮਾਰਤਾਂ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।ਅੱਗ ਪਾਲ ਹੋਟਲ ਤੋਂ ਸ਼ੁਰੂ ਹੋਈ ਅਤੇ ਜਲਦੀ ਹੀ ਨੇੜਲੇ ਅਮਿਤ ਹੋਟਲ ਅਤੇ ਹੋਰ ਇਮਾਰਤਾਂ ਵਿੱਚ ਫੈਲ ਗਈ।
ਸਟੇਸ਼ਨ ਨੇੜੇ ਸਥਿਤ ਪਾਲ ਹੋਟਲ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੂੰ ਅੱਗ ਬੁਝਾਉਣ ਲਈ ਕਈ ਘੰਟੇ ਲੱਗ ਗਏ। ਅੱਗ ਬਹੁਤ ਭਿਆਨਕ ਸੀ ਕਿਉਂਕਿ ਤੇਜ਼ ਹਵਾ ਚੱਲ ਰਹੀ ਸੀ। ਅੱਗ ਨੂੰ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲਣ ਤੋਂ ਰੋਕਣ ਲਈ ਅਹਿਤਿਆਤ ਵਜੋਂ ਬਿਜਲੀ ਬੰਦ ਕਰ ਦਿੱਤੀ ਗਈ।
ਪਟਨਾ ਸਟੇਸ਼ਨ ਨੇੜੇ ਪਾਲ ਹੋਟਲ ਕਮ ਰੈਸਟੋਰੈਂਟ ‘ਚ ਅੱਗ ਲੱਗਣ ਦਾ ਕਾਰਨ ਸਿਲੰਡਰ ਦਾ ਧਮਾਕਾ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਤੇ ਬਾਕੀ ਜੋ ਗੰਭੀਰ ਰੂਪ ‘ਚ ਜ਼ਖਮੀ ਹਨ, ਉਨ੍ਹਾਂ ਦਾ ਪਟਨਾ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।
ਹੋਟਲ ਵਿੱਚ ਅੱਗ ਲੱਗਣ ਤੋਂ ਬਾਅਦ 45 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਪਟਨਾ ਦੇ ਪੀਐਮਸੀਐਚ ਵਿੱਚ 38 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪਟਨਾ ਦੇ ਕੋਤਵਾਲੀ ਥਾਣੇ ਅਧੀਨ ਵਾਪਰੇ ਇਸ ਹਾਦਸੇ ਨੂੰ ਲੈ ਕੇ ਪਟਨਾ ‘ਚ ਕਾਫੀ ਸਮੇਂ ਤੱਕ ਹਫੜਾ-ਦਫੜੀ ਮਚੀ ਰਹੀ।
ਫਿਲਹਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਇਸ ਅੱਗ ਦੀ ਘਟਨਾ ਵਿੱਚ ਇਮਾਰਤ ਵਿੱਚ ਕਈ ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਹਾਈਡ੍ਰੌਲਿਕ ਕਰੇਨ ਅਤੇ ਫਾਇਰ ਇੰਜਣ ਰਾਹੀਂ ਹੇਠਾਂ ਲਿਆਂਦਾ ਗਿਆ। ਫਾਇਰ ਬ੍ਰਿਗੇਡ ਦੀਆਂ ਪੰਜ ਵੱਡੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ। ਇਮਾਰਤ ਵਿੱਚ ਫਸੇ ਕੁਝ ਲੋਕਾਂ ਨੂੰ ਜਦੋਂ ਬਚਾਇਆ ਗਿਆ ਤਾਂ ਉਹ ਬੇਹੋਸ਼ ਸਨ।