ਸਟੇਟ ਹਾਈਵੇਅ ਦੇ ਟੋਲ ਪਲਾਜ਼ਾ ਵੀ ਹੋਣਗੇ ਫਾਸਟੈਗ, ਪਹਿਲੀ ਦਸੰਬਰ ਤੋਂ ਲਾਜ਼ਮੀ ਹੋਵੇਗੀ ਨਿਯਮ

ਜਲੰਧਰ : ਰਾਸ਼ਟਰੀ ਰਾਜ ਮਾਰਗਾਂ ਤੋਂ ਬਾਅਦ ਸੂਬੇ ਦੇ ਸਟੇਟ ਹਾਈਵੇਅ ‘ਤੇ ਸਥਿਤ ਟੋਲ ਪਲਾਜ਼ਾ ‘ਤੇ ਵੀ ਵਾਹਨ ਚਾਲਕਾਂ ਨੂੰ ਫਾਸਟੈਗ ਦੀ ਸੁਵਿਧਾ ਮਿਲੇਗੀ। ਸੂਬੇ ਦੀ ਮਲਕੀਅਤ ਵਾਲੀਆਂ ਸੜਕਾਂ ‘ਤੇ ਸਥਿਤ 24 ਟੋਲ ਪਲਾਜ਼ਾ ‘ਚੋਂ 18 ‘ਤੇ ਪੰਜਾਬ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਇਲੈਕਟ੍ਰੋਨਿਕ ਟੈਕਸ ਸੰਗਿ੍ਹ (ਈਟੀਸੀ) ਸ਼ੁਰੂ ਕਰੇਗਾ।

ਹਾਲਾਂਕਿ ਰਾਸ਼ਟਰੀ ਰਾਜਮਾਰਗਾਂ ‘ਤੇ ਫਾਸਟੈਗ ਇਲੈਕਟ੍ਰਾਨਿਕ ਸੰਗਿ੍ਹ ਪਹਿਲੀ ਦਸੰਬਰ ਤੋਂ ਲਾਜ਼ਮੀ ਹੋ ਗਿਆ ਹੈ, ਪਰ ਪੰਜਾਬ ‘ਚ ਹਾਲੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਇਸ ਦੀ ਪੁਸ਼ਟੀ ਕਰਦੇ ਹੋਏ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੂਬਿਆਂ ਦੇ ਪੀਡਬਲਿਊ ਮੰਤਰੀਆਂ ਦੀ ਬੈਠਕ ਸੱਦੀ ਸੀ, ਜਿਸ ‘ਚ ਸਟੇਟ ਹਾਈਵੇਜ਼ ‘ਤੇ ਵੀ ਫਾਸਟੈਗ ਸੁਵਿਧਾ ਨੂੰ ਲਾਗੂ ਕਰਨ ਨੂੰ ਕਿਹਾ ਗਿਆ ਸੀ। ਕੇਂਦਰ ਵੱਲੋਂ ਈਟੀਸੀ ਲਈ ਇਕ ਕੰਪਨੀ ਨੂੰ ਹਾਇਰ ਕੀਤਾ ਗਿਆ ਹੈ ਤੇ ਉਸੇ ਕੰਪਨੀ ਕੋਲੋਂ ਪੰਜਾਬ ਨੂੰ ਵੀ ਐੱਮਓਯੂ ਸਾਈਨ ਕਰਨਾ ਹੋਵੇਗਾ।

ਵਿਭਾਗ ਨੇ ਇਸ ਸਬੰਧੀ ਫਾਈਲ ਮਨਜੂਰੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਭੇਜ ਦਿੱਤੀ ਹੈ। ਮਨਜੂਰੀ ਮਿਲਣ ਤੋਂ ਬਾਅਦ ਵਿਭਾਗ ਕੰਪਨੀ ਨਾਲ ਇਕ ਸਮਝੌਤੇ ‘ਤੇ ਹਸਤਾਖਰ ਕਰੇਗਾ।

ਫਾਸਟੈਗ ਦੀ ਸੁਵਿਧਾ ਤਹਿਤ ਹਰੇਕ ਵਾਹਨ ਦੀ ਵਿੰਡ ਸਕਰੀਨ ‘ਤੇ ਇਕ ਇਲੈਕਟ੍ਰਾਨਿਕ ਚਿਪ ਵਾਲਾ ਕਾਰਡ ਲਗਾਇਆ ਜਾਵੇਗਾ, ਜਿਸ ਨੂੰ ਟੋਲ ਪਲਾਜ਼ਾ ‘ਤੇ ਲਗਾਏ ਗਏ ਉਪਕਰਨ ਰੀਡ ਕਰਨਗੇ ਤੇ ਖੁਦ ਹੀ ਸਬੰਧਤ ਵਾਹਨ ਮਾਲਕ ਦੇ ਖਾਤੇ ‘ਚੋਂ ਟੋਲ ਟੈਕਸ ਕੱਟ ਜਾਵੇਗਾ। ਇਸ ਨਾਲ ਵਾਹਨਾਂ ਨੂੰ ਟੋਲ ਪਲਾਜ਼ਾ ‘ਤੇ ਲੰਬੀਆਂ ਲਾਈਨਾਂ ‘ਚ ਨਹੀਂ ਖੜ੍ਹਾ ਹੋਣਾ ਪਵੇਗਾ।