ਕੇਜਰੀਵਾਲ ਦੀ ਈਡੀ ਹਿਰਾਸਤ 1 ਅਪ੍ਰੈਲ ਤੱਕ ਵਧੀ।
ਦਿੱਲੀ, 28 ਮਾਰਚ 2024
ਰੌਜ਼ ਐਵੇਨਿਊ ਕੋਰਟ ਨੇ ਸ਼ਰਾਬ ਨੀਤੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਦੀ ਹਿਰਾਸਤ 4 ਦਿਨ ਹੋਰ ਵਧਾ ਦਿੱਤੀ ਹੈ। ਹੁਣ ਉਹ 1 ਅਪ੍ਰੈਲ ਤੱਕ ਹਿਰਾਸਤ ‘ਚ ਰਹੇਗਾ। ਇਸ ਤੋਂ ਪਹਿਲਾਂ ਅਦਾਲਤ ਵਿੱਚ 39 ਮਿੰਟ ਤੱਕ ਸੁਣਵਾਈ ਚੱਲੀ। ਕੇਜਰੀਵਾਲ ਨੇ ਖੁਦ ਆਪਣਾ ਪੱਖ ਰੱਖਿਆ। ਅਜਿਹਾ ਕਰਨ ਵਾਲੇ ਉਹ ਦੇਸ਼ ਦੇ ਪਹਿਲੇ ਮੌਜੂਦਾ ਮੁੱਖ ਮੰਤਰੀ ਬਣ ਗਏ ਹਨ।
ਈਡੀ ਨੇ ਅਦਾਲਤ ਤੋਂ ਕੇਜਰੀਵਾਲ ਦੀ 7 ਦਿਨਾਂ ਦੀ ਹੋਰ ਹਿਰਾਸਤ ਦੀ ਮੰਗ ਕੀਤੀ ਸੀ। ਰਾਊਜ਼ ਐਵੇਨਿਊ ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਵਿੱਚ ਸੁਣਵਾਈ ਦੁਪਹਿਰ 1.59 ਵਜੇ ਸ਼ੁਰੂ ਹੋਈ ਅਤੇ ਦੁਪਹਿਰ 2.39 ਵਜੇ ਸਮਾਪਤ ਹੋਈ।
ਆਪਣੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਸ ਮਾਮਲੇ ‘ਚ ਮੇਰਾ ਨਾਂ ਸਿਰਫ ਚਾਰ ਥਾਵਾਂ ‘ਤੇ ਆਇਆ ਹੈ। ਚਾਰ ਬਿਆਨ ਦਿੱਤੇ ਗਏ ਸਨ ਅਤੇ ਉਨ੍ਹਾਂ ਵਿਚੋਂ ਉਹ ਬਿਆਨ ਜਿਸ ਵਿਚ ਮੈਨੂੰ ਫਸਾਇਆ ਗਿਆ ਸੀ, ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਕੀ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਇਹ 4 ਬਿਆਨ ਕਾਫੀ ਹਨ?ਇਸ ਦੇ ਜਵਾਬ ਵਿੱਚ ਈਡੀ ਨੇ ਕਿਹਾ- ਮੁੱਖ ਮੰਤਰੀ ਕਾਨੂੰਨ ਤੋਂ ਉੱਪਰ ਨਹੀਂ ਹਨ ।