ਅੰਮ੍ਰਿਤਪਾਲ ਸਿੰਘ ਅਤੇ 10 ਸਾਥੀਆ ਤੇ ਮੁੜ NSA ਲਗਾਇਆ ਗਿਆ।
19 ਮਾਰਚ 2024
ਪੰਜਾਬ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਰੇ 10 ਸਾਥੀਆਂ ਉੱਤੇ ਨਵੇਂ ਸਿਰੇ ਤੋਂ NSA ਲਗਾਇਆ ਹੈ । ਪੰਜਾਬ ਸਰਕਾਰ ਨੇ ਅੱਜ ਹਾਈਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ‘ਤੇ ਨਵੇਂ ਸਿਰੇ ਤੋਂ NSA ਲਗਾਇਆ ਗਿਆ ਹੈ। ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਹੁਕਮ ਪੇਸ਼ ਕੀਤੇ ਜਾਣ ਦੇ ਲਈ ਸਮਾਂ ਮੰਗਿਆ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ ਅਪ੍ਰੈਲ ਦੇ ਪਹਿਲੇ ਹਫਤੇ ਹੋਵੇਗੀ।
ਪਿਛਲੇ ਸਾਲ 18 ਮਾਰਚ ਨੂੰ ਇਨ੍ਹਾਂ ਸਾਰਿਆਂ ਵਿਰੁੱਧ ਐਨਐਸਏ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। NSA ਦੇ ਆਦੇਸ਼ ਸਿਰਫ ਇੱਕ ਸਾਲ ਲਈ ਲਾਗੂ ਕੀਤੇ ਜਾ ਸਕਦੇ ਹਨ। ਹੁਣ ਇਨ੍ਹਾਂ ਹੁਕਮਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਇਸ ‘ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਐਡਵੋਕੇਟ ਜਨਰਲ ਨੇ ਹਾਈਕੋਰਟ ਨੂੰ ਦੱਸਿਆ ਕਿ ਇਨ੍ਹਾਂ ਸਾਰਿਆਂ ਖਿਲਾਫ ਨਵੇਂ ਸਿਰੇ ਤੋਂ ਐੱਨ.ਐੱਸ.ਏ. ਲਗਾਇਆ ਗਿਆ ਹੈ।ਹਾਈ ਕੋਰਟ ਨੇ ਜਦੋਂ ਇਹ ਜਾਣਕਾਰੀ ਮੰਗੀ ਤਾਂ ਪੰਜਾਬ ਸਰਕਾਰ ਨੇ ਅਗਲੀ ਸੁਣਵਾਈ ਦੌਰਾਨ ਇਨ੍ਹਾਂ ਹੁਕਮਾਂ ਬਾਰੇ ਪੂਰੀ ਜਾਣਕਾਰੀ ਦੇਣ ਲਈ ਸਮਾਂ ਮੰਗਿਆ।