ਦਿੱਲੀ ਵਿੱਚ ਡਾਕਟਰਾਂ ਨੇ ਕੀਤਾ ਕਮਾਲ; ਗੰਗਾ ਰਾਮ ਹਸਪਤਾਲ ਵਿੱਚ ਇੱਕ ਵਿਅਕਤੀ ਦੇ ਹੱਥਾ ਦਾ ਕੀਤਾ ਟਰਾਂਸਪਲਾਂਟ ।
ਨਵੀਂ ਦਿੱਲੀ ,7 ਮਾਰਚ 2024
ਦਿੱਲੀ ਦੇ ਹਸਪਤਾਲ ਵਿੱਚ ਰੇਲ ਹਾਦਸੇ ’ਚ 45 ਸਾਲਾ ਦੇ ਵਿਅਕਤੀ ਦੇ ਗਵਾ ਬੈਠੇ ਹੱਥ ਬਦਲਣ ਲਈ ਦੁਰਲੱਭ ਸਰਜਰੀ ਕੀਤੀ ਗਈ। ਹਸਪਤਾਲ ’ਚ ਲਗਭਗ ਛੇ ਹਫ਼ਤੇ ਬਿਤਾਉਣ ਤੋਂ ਬਾਅਦ, ਮਰੀਜ਼ ਨੂੰ ਵੀਰਵਾਰ ਨੂੰ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਦਿਤੀ ਜਾਣੀ ਹੈ। ਹਸਪਤਾਲ ਦੇ ਡਾਕਟਰਾਂ ਅਨੁਸਾਰ ਨਾਂਗਲੋਈ ਦਾ ਰਹਿਣ ਵਾਲਾ ਰਾਜਕੁਮਾਰ ਅਪਣੇ ਸਾਈਕਲ ’ਤੇ ਅਪਣੇ ਘਰ ਨੇੜੇ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਕਿ ਉਹ ਕੰਟਰੋਲ ਗੁਆ ਬੈਠਾ ਅਤੇ ਪਟੜੀਆਂ ’ਤੇ ਡਿੱਗ ਪਿਆ ਅਤੇ ਰੇਲ ਗੱਡੀ ਦੀ ਲਪੇਟ ’ਚ ਆ ਗਿਆ।
ਹਸਪਤਾਲ ਦੇ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਵਿਭਾਗ ਦੇ ਚੇਅਰਮੈਨ ਡਾਕਟਰ ਮਹੇਸ਼ ਮੰਗਲ ਨੇ ਕਿਹਾ ਕਿ ਕੁਮਾਰ ਅਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਦੂਜਿਆਂ ’ਤੇ ਨਿਰਭਰ ਹੋ ਗਿਆ ਸੀ। ਕੁਮਾਰ ਕੋਲ ਜਾਂ ਤਾਂ ‘ਪ੍ਰੋਸਥੈਟਿਕਸ’ ਦੀ ਵਰਤੋਂ ਕਰਨ ਜਾਂ ਹੱਥ ਟ੍ਰਾਂਸਪਲਾਂਟ ਕਰਨ ਦਾ ਬਦਲ ਸੀ। ਉਸ ਨੇ ‘ਪ੍ਰੋਸਥੈਟਿਕਸ’ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ, ਪਰ ਉਸ ਦਾ ਪ੍ਰੋਸਥੈਟਿਕ ਟੈਸਟ ਅਸਫਲ ਰਿਹਾ ਅਤੇ ਹੁਣ ਉਸ ਦੀ ਇਕੋ-ਇਕ ਉਮੀਦ ਹੈਂਡ ਟ੍ਰਾਂਸਪਲਾਂਟ ਸੀ। ਸੀਨੀਅਰ ਡਾਕਟਰ ਨੇ ਕਿਹਾ ਕਿ ਫ਼ਰਵਰੀ 2023 ’ਚ, ਸਰ ਗੰਗਾ ਰਾਮ ਹਸਪਤਾਲ ਉੱਤਰੀ ਭਾਰਤ ਦਾ ਪਹਿਲਾ ਹਸਪਤਾਲ ਬਣ ਗਿਆ ਜਿਸ ਨੂੰ ਹੱਥ ਟਰਾਂਸਪਲਾਂਟ ਕਰਨ ਦੀ ਇਜਾਜ਼ਤ ਮਿਲੀ।
ਡਾਕਟਰ ਨੇ ਕਿਹਾ, ‘‘ਕੁਮਾਰ ਸਾਡੀ ਉਡੀਕ ਸੂਚੀ ’ਚ ਸੀ ਜਦੋਂ ਅਸੀਂ ਹੱਥ ਟਰਾਂਸਪਲਾਂਟ ਲਈ ਸੰਭਾਵਤ ਉਮੀਦਵਾਰਾਂ ਦੀ ਭਾਲ ਕਰ ਰਹੇ ਸੀ।ਜਨਵਰੀ ਦੇ ਤੀਜੇ ਹਫਤੇ ’ਚ ਰਾਜਕੁਮਾਰ ਲਈ ਉਮੀਦ ਦੀ ਕਿਰਨ ਉਦੋਂ ਜਗੀ ਜਦੋਂ ਉਨ੍ਹਾਂ ਨੂੰ ਹਸਪਤਾਲ ਤੋਂ ਫੋਨ ਆਇਆ।’’ਦਿੱਲੀ ਦੇ ਇਕ ਸਕੂਲ ਦੇ ਸੇਵਾਮੁਕਤ ਵਾਈਸ ਪ੍ਰਿੰਸੀਪਲ ਦੇ ਪਰਵਾਰਕ ਮੈਂਬਰਾਂ ਨੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਅੰਗਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। 19 ਜਨਵਰੀ ਨੂੰ, ਡਾਕਟਰਾਂ ਦੀ ਇਕ ਟੀਮ ਨੇ ਗੁੰਝਲਦਾਰ ਸਰਜਰੀ ਨੂੰ ਪੂਰਾ ਕਰਨ ਲਈ ਸਹਿਯੋਗ ਕਰਦੇ ਹੋਏ ਵੱਖ-ਵੱਖ ਭਾਗਾਂ – ਹੱਡੀਆਂ, ਧਮਣੀਆਂ, ਨਸਾਂ, ਜੋੜਾਂ, ਮਾਸਪੇਸ਼ੀਆਂ ਅਤੇ ਚਮੜੀ ਨੂੰ ਨਾਜ਼ੁਕ ਤਰੀਕੇ ਨਾਲ ਦੁਬਾਰਾ ਜੋੜਿਆ।
ਰਾਜਕੁਮਾਰ ਨੇ ਕਦੇ ਵੀ ਹੱਥ ਟਰਾਂਸਪਲਾਂਟ ਕਰਨ ਬਾਰੇ ਨਹੀਂ ਸੁਣਿਆ ਸੀ। ਪਰ ਹੁਣ ਉਹ ਦਿੱਲੀ ’ਚ ਹੱਥ ਟਰਾਂਸਪਲਾਂਟ ਕਰਵਾਉਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਸਰਜਰੀ ਤੋਂ ਪਹਿਲਾਂ ਕੁਮਾਰ ਨੂੰ ਦਸਿਆ ਗਿਆ ਸੀ ਕਿ ਇਹ ਪਹਿਲੀ ਵਾਰ ਹੈ ਜਦੋਂ ਦਿੱਲੀ ’ਚ ਸਰਜਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇਸ ’ਚ ਸ਼ਾਮਲ ਜੋਖਮਾਂ ਬਾਰੇ ਵੀ ਸੂਚਿਤ ਕੀਤਾ ਗਿਆ ਸੀ। ਪਰ ਆਮ ਜ਼ਿੰਦਗੀ ਨੂੰ ਮੁੜ ਸ਼ੁਰੂ ਕਰਨ ਦੀ ਇੱਛਾ ਨੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਕੁਮਾਰ ਨੇ ਫੋਨ ’ਤੇ ਪੀ.ਟੀ.ਆਈ. ਨੂੰ ਦਸਿਆ , ‘‘ਮੈਂ ਕਿਸੇ ’ਤੇ ਨਿਰਭਰ ਨਹੀਂ ਹੋਣਾ ਚਾਹੁੰਦਾ ਸੀ। ਮੈਨੂੰ ਪਤਾ ਸੀ ਕਿ ਇਹ ਇਕ ਵੱਡਾ ਜੋਖਮ ਹੋਵੇਗਾ, ਪਰ ਮੈਂ ਦੁਬਾਰਾ ਇਕ ਆਮ ਜ਼ਿੰਦਗੀ ਜਿਉਣਾ ਚਾਹੁੰਦਾ ਸੀ।’’ ਕੁਮਾਰ ਜਿਵੇਂ-ਜਿਵੇਂ ਠੀਕ ਹੋਣ ਵਲ ਵਧ ਰਿਹਾ ਹੈ- ਉਸ ਦੇ ਨਹੁੰ ਵਧਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਅਪਣੀਆਂ ਕੁਹਣੀਆਂ ਨੂੰ ਹਿਲਾਉਣਾ ਸ਼ੁਰੂ ਕਰ ਦਿਤਾ ਹੈ, ਉਨ੍ਹਾਂ ਨੂੰ ਸੰਵੇਦਨਾ ਮਹਿਸੂਸ ਕਰਨ ਜਾਂ ਅਪਣੀਆਂ ਕਲਾਈਆਂ ਨੂੰ ਹਿਲਾਉਣ ’ਚ ਅਜੇ ਵੀ ਕੁੱਝ ਮਹੀਨੇ ਲਗਦੇ ਹਨ।
ਕੁਮਾਰ ਨੇ ਕਿਹਾ ਕਿ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਉਨ੍ਹਾਂ ਲਈ ਰੱਬ ਤੋਂ ਘੱਟ ਨਹੀਂ ਹਨ। ਉਸ ਨੇ ਕਿਹਾ, ‘‘ਮੈਂ ਸਿਰਫ ਇਹ ਸੁਣਿਆ ਸੀ ਕਿ ਡਾਕਟਰ ਰੱਬ ਦਾ ਇਕ ਹੋਰ ਰੂਪ ਹਨ, ਪਰ ਹੁਣ ਮੈਂ ਅਸਲ ’ਚ ਇਸ ਦਾ ਅਨੁਭਵ ਕੀਤਾ ਹੈ। 2020 ’ਚ ਹੋਏ ਹਾਦਸੇ ’ਚ ਅਪਣੇ ਹੱਥ ਗੁਆਉਣ ਤੋਂ ਬਾਅਦ, ਮੈਂ ਸਾਰੀ ਉਮੀਦ ਗੁਆ ਦਿਤੀ ਸੀ ਪਰ ਮੈਨੂੰ ਜ਼ਿੰਦਗੀ ’ਚ ਦੂਜਾ ਮੌਕਾ ਮਿਲਿਆ ਹੈ ਅਤੇ ਮੈਂ ਇਸ ਦੂਜੇ ਪੜਾਅ ’ਚ ਦਾਖਲ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦਾ।’’ ਕੁਮਾਰ ਦੇ ਪਰਵਾਰ ’ਚ ਪਤਨੀ, ਇਕ ਬੇਟਾ ਅਤੇ ਇਕ ਬੇਟੀ ਹਨ।