ਭਾਜਪਾ ਆਗੂ ਵਿਰੁੱਧ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਿਰੁੱਧ ਮਾਮਲਾ ਦਰਜ ।
ਲੁਧਿਆਣਾ,6 ਮਾਰਚ 2024
ਜ਼ਿਲ੍ਹਾ ਲੁਧਿਆਣਾ ਵਿਚ ਪੁਲਿਸ ਨੇ ਇਕ ਭਾਜਪਾ ਆਗੂ ਵਿਰੁਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਅਜੇ ਤਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਿਸ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਭਾਜਪਾ ਆਗੂ ਜਤਿੰਦਰ ਗੋਰਾਇਣ ‘ਤੇ ਈਸਾਈ ਧਰਮ ਵਿਰੁਧ ਗਲਤ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਈਸਾਈ ਧਰਮ ਨਾਲ ਸਬੰਧਤ ਹੈ। ਉਸ ਨੇ ਰਾਜੂ ਕਲੋਨੀ ਵਿਚ 350 ਵਰਗ ਗਜ਼ ਦੀ ਥਾਂ ’ਤੇ ਚਰਚ ਬਣਾਇਆ ਹੈ। 1 ਮਾਰਚ ਨੂੰ ਉਹ ਅਤੇ ਰਾਹੁਲ ਕੁਮਾਰ ਚਰਚ ਵਿਚ ਮੌਜੂਦ ਸਨ। ਇਕ ਚਿੱਟੇ ਰੰਗ ਦੀ ਕਾਰ ਚਰਚ ਦੇ ਬਾਹਰ ਆ ਕੇ ਰੁਕੀ। ਉਸ ਕਾਰ ਵਿਚ ਮੁਲਜ਼ਮ ਜਤਿੰਦਰ ਗੋਰਾਇਣ ਅਪਣੇ ਸਾਥੀਆਂ ਨਾਲ ਮੌਜੂਦ ਸੀ।
ਇਲਜ਼ਾਮ ਹਨ ਮੁਲਜ਼ਮਾਂ ਨੇ ਈਸਾਈ ਧਰਮ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਮੁਲਜ਼ਮ ਉਸ ਨੂੰ ਲੋਕੇਸ਼ ਨਾਂ ਦੇ ਵਿਅਕਤੀ ਦੇ ਘਰ ਖਿੱਚ ਕੇ ਲੈ ਗਏ। ਉਥੇ ਮੁਲਜ਼ਮਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਰਾਹੁਲ ਕੁਮਾਰ ਹਮਲਾਵਰਾਂ ਤੋਂ ਉਸ ਨੂੰ ਛੁਡਾਉਣ ਲਈ ਆਇਆ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਰੌਲਾ ਸੁਣ ਕੇ ਚਰਚ ਦੀਆਂ ਔਰਤਾਂ ਨੇ ਉਸ ਨੂੰ ਹਮਲਾਵਰਾਂ ਤੋਂ ਛੁਡਵਾਇਆ।
ਇਸ ਮਾਮਲੇ ਦੀ ਜਾਂਚ ਏਐਸਆਈ ਭਜਨ ਲਾਲ ਕਰ ਰਹੇ ਹਨ। ਪੁਲਿਸ ਨੇ ਇਕ ਡੀਵੀਆਰ ਵੀ ਬਰਾਮਦ ਕੀਤਾ ਹੈ। ਥਾਣਾ ਡਿਵੀਜ਼ਨ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਜਤਿੰਦਰ ਗੋਰਾਇਣ, ਲੋਕੇਸ਼, ਲੋਕੇਸ਼ ਦੇ ਭਰਾ, ਲੱਕੀ, ਧੀ, ਪਤਨੀ, ਮਾਂ, ਆਕਾਸ਼ ਸਮੇਤ 4 ਤੋਂ 5 ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਲਿਆ ਹੈ।