ਪੰਜਾਬ, ਹਰਿਆਣਾ,ਚੰਡੀਗੜ੍ਹ ਵਿੱਚ 1 ਤੋ 3 ਮਾਰਚ ਤੱਕ ਮੀਂਹ, ਬਰਫ਼ਬਾਰੀ ਦਾ ਤੇਜ਼ ਦੌਰ ,ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ:29 ਫ਼ਰਵਰੀ 2024
ਪੰਜਾਬ ਵਿਚ ਇਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ ਅਤੇ ਠੰਡ ਵਿਚ ਵਾਧਾ ਦਰਜ਼ ਕੀਤਾ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ‘ਚ ਲਗਾਤਾਰ ਵਾਧਾ ਹੋ ਰਿਹਾ ਸੀ।ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 2 ਦਿਨ ਹੋਰ ਤਾਪਮਾਨ ਇਸੇ ਤਰ੍ਹਾਂ ਰਹੇਗਾ। 1 ਅਤੇ 2 ਮਾਰਚ ਨੂੰ ਸ਼ਹਿਰ ‘ਚ ਮੀਂਹ ਅਤੇ ਗਰਜ ਹੋਣ ਦੀ ਸੰਭਾਵਨਾ ਹੈ। ਇਹ ਪੱਛਮੀ ਗੜਬੜੀ ਦਾ ਪ੍ਰਭਾਵ ਹੈ, ਜਿਸ ਕਾਰਨ ਮੀਂਹ ਪਵੇਗਾ।
ਕੁਝ ਥਾਵਾਂ ‘ਤੇ ਮੀਂਹ, ਤੂਫ਼ਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਅਜਿਹੇ ‘ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵਿਚ ਆਏ ਬਦਲਾਅ ਕਾਰਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਉਤਰਾਅ-ਚੜ੍ਹਾਅ ਜਾਰੀ ਹੈ। ਕਈ ਜ਼ਿਲ੍ਹਿਆਂ ਵਿਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਅੰਤਰ 3 ਡਿਗਰੀ ਹੋ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿਚ ਤਾਪਮਾਨ ਆਮ ਨਾਲੋਂ 1.8 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਲੁਧਿਆਣਾ ਵਿੱਚ ਦਰਜ ਕੀਤਾ ਗਿਆ।
ਉਥੇ ਤਾਪਮਾਨ 23.4 ਡਿਗਰੀ ਰਿਹਾ, ਜਦਕਿ ਗੁਰਦਾਸਪੁਰ ਦਾ ਸਭ ਤੋਂ ਘੱਟ ਤਾਪਮਾਨ 20.0 ਡਿਗਰੀ ਰਿਹਾ। ਉਂਜ ਤਾਂ ਦਿਨ ਵੇਲੇ ਧੁੱਪ ਨਿਕਲਣ ਕਾਰਨ ਗਰਮੀਆਂ ਵਰਗਾ ਮੌਸਮ ਬਣਿਆ ਹੋਇਆ ਹੈ, ਪਰ ਜਿਵੇਂ-ਜਿਵੇਂ ਸ਼ਾਮ ਨੇੜੇ ਆ ਰਹੀ ਹੈ, ਠੰਢ ਵਧਦੀ ਜਾ ਰਹੀ ਹੈ।ਪੰਜਾਬ ਵਿੱਚ ਅੰਮ੍ਰਿਤਸਰ ਵਿੱਚ 22.6 ਡਿਗਰੀ, ਪਟਿਆਲਾ ਵਿੱਚ 20.8 ਡਿਗਰੀ, ਪਠਾਨਕੋਟ ਵਿੱਚ 23.3, ਬਠਿੰਡਾ ਵਿੱਚ 22.4, ਐਸਬੀਐਸ ਨਗਰ ਵਿੱਚ 21.2, ਬਰਨਾਲਾ ਵਿੱਚ 20.06, ਫਰੀਦਕੋਟ ਵਿੱਚ 22.9, ਫਤਿਹਗੜ੍ਹ ਸਾਹਿਬ ਵਿੱਚ 21.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ।