ਬਿਗ ਬੀ ਨੇ ਖਾਧੇ ਰੋਪੜ ਦੇ ਗਰਮਾ-ਗਰਮ ਪਰਾਂਠੇ, ਡੇਢ ਘੰਟਾ ਰੁਕੇ ਸ਼ਹਿਰ ‘ਚ
ਰੂਪਨਗਰ : ਬੁੱਧਵਾਰ ਨੂੰ ਰੂਪਨਗਰ ‘ਚੋਂ ਲੰਘਦੇ ਹੋਏ ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਕੁਝ ਦੇਰ ਲਈ ਇਥੇ ਰੁਕੇ। ਅਮਿਤਾਭ ਬੱਚਨ ਨੇ ਹੈਰੀਟੇਜ ਹਵੇਲੀ ਹੋਲ ‘ਚ ਨਾਸ਼ਤਾ ਕੀਤਾ। ਇਸ ਦੌਰਾਨ ਅਮਿਤਾਭ ਬੱਚਨ ਨੇ ਆਲੂ ਦੇ ਪਰਾਂਠੇ ਖਾਧੇ। ਅਮਿਤਾਭ ਬੱਚਨ ਸਵੇਰੇ ਹੈਰੀਟੇਜ ਹਵੇਲੀ ਹੋਟਲ ਸਵਾ ਦੱਸ ਵਜੇ ਪੁੱਜੇ ਤੇ ਹੋਟਲ ਮੈਨੇਜਮੈਂਟ ਨੇ ਉਨ੍ਹਾਂ ਲਈ ਕਮਰਾ ਨੰਬਰ 108 ਖੋਲ੍ਹ ਦਿੱਤਾ। ਅਮਿਤਾਭ ਆਪਣੇ ਇਕ-ਦੋ ਸਾਥੀਆਂ ਨਾਲ ਹੋਟਲ ਕਮਰੇ ‘ਚ ਰੁਕੇ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਰੈਸਟੋਰੈਂਟ ‘ਚ ਬੈਠ ਕੇ ਨਾਸ਼ਤਾ ਕੀਤਾ। ਜਿਵੇਂ ਹੀ ਅਮਿਤਾਭ ਦੇ ਆਉਣ ਦੀ ਭਿਣਕ ਲੋਕਾਂ ਨੂੰ ਲੱਗੀ ਤਾਂ ਉਥੇ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ। ਅਮਿਤਾਭ ਨੇ ਨਾਸ਼ਤੇ ‘ਚ ਆਲੂ ਦੇ ਪਰਾਂਠੇ, ਪੀਲੀ ਦਾਲ ਤੇ ਜੀਰਾ ਆਲੂ ਖਾਧੇ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਅਮਿਤਾਭ ਬੱਚਨ ਮਨਾਲੀ ਲਈ ਨਿੱਕਲ ਗਏ, ਜਿਥੇ ਉਨ੍ਹਾਂ ਦੀ ਫਿਲਮ ਦਾ ਸ਼ੂਟ ਹੋਣਾ ਹੈ।
ਹੋਟਲ ਮੈਨੇਜਰ ਤੇ ਸਟਾਫ ਨਾਲ ਖਿਚਵਾਈ ਫੋਟੋ
ਹੋਟਲ ਦੇ ਮੈਨੇਜਰ ਅਰਵਿੰਦਰ ਸਿੰਘ ਗੁਜਰਾਲ ਨੇ ਦੱਸਿਆ ਕਿ ਅਮਿਤਾਭ ਬੱਚਨ ਲਗਪਗ ਡੇਢ ਘੰਟਾ ਹੋਟਲ ‘ਚ ਰੁਕੇ। ਮੈਨੇਜਰ ਨੇ ਦੱਸਿਆ ਕਿ ਬੇਨਤੀ ਕਰਨ ‘ਤੇ ਅਮਿਤਾਭ ਨੇ ਫੌਰਨ ਫੋਟੋ ਖਿਚਵਾਉਣ ਲਈ ਹਾਮੀ ਭਰ ਦਿੱਤੀ।