ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਯਾਮੀਨ ਨੂੰ ਪੰਜ ਸਾਲ ਜੇਲ੍ਹ

ਮਾਲੇ (ਏਐੱਫਪੀ) : ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਪਿੱਛੋਂ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ‘ਤੇ ਆਪਣੇ ਇਕ ਬੈਂਕ ਖਾਤੇ ਤੋਂ 10 ਲੱਖ ਡਾਲਰ (ਲਗਪਗ ਸੱਤ ਕਰੋੜ, 15 ਲੱਖ ਰੁਪਏ) ਦਾ ਭੁਗਤਾਨ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਯਾਮੀਨ ਨੂੰ ਇਸ ਸਾਲ ਫਰਵਰੀ ਮਹੀਨੇ ਵਿਚ ਗਿ੍ਫ਼ਤਾਰ ਕਰ ਲਿਆ ਗਿਆ ਸੀ।

ਨਾਜਾਇਜ਼ ਤੌਰ ‘ਤੇ ਧਨ ਲੈਣ ਦਾ ਦੋਸ਼ ਲੱਗਣ ਪਿੱਛੋਂ ਅਧਿਕਾਰੀਆਂ ਨੇ ਯਾਮੀਨ ਦੇ ਇਕ ਬੈਂਕ ਖਾਤੇ ਨੂੰ ਵੀ ਸੀਲ ਕਰ ਦਿੱਤਾ ਹੈ। ਜਿਸ ਖਾਤੇ ਨੂੰ ਸੀਲ ਕੀਤਾ ਗਿਆ ਉਸ ਵਿਚ 65 ਲੱਖ ਡਾਲਰ (ਲਗਪਗ 46.51 ਕਰੋੜ ਰੁਪਏ) ਦੀ ਰਾਸ਼ੀ ਸੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਯਾਮੀਨ ਨੇ ਕਰੋੜਾਂ ਦੀ ਰਾਸ਼ੀ ਵਿਦੇਸ਼ ਵਿਚ ਲੁਕੋ ਕੇ ਰੱਖੀ ਹੈ ਜਿਸ ਨੂੰ ਦੇਸ਼ ਵਿਚ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਯਾਮੀਨ ਨੇ ਆਪਣੇ ਕਾਰਜਕਾਲ ਦੌਰਾਨ ਵਿਰੋਧੀ ਆਗੂਆਂ ਨੂੰ ਜਾਂ ਤਾਂ ਜੇਲ੍ਹ ਵਿਚ ਸੁੱਟ ਦਿੱਤਾ ਸੀ ਜਾਂ ਫਿਰ ਵਿਦੇਸ਼ ਜਾਣ ਲਈ ਮਜਬੂਰ ਕਰ ਦਿੱਤਾ ਸੀ। ਉਹ ਸਿਆਸੀ ਅਤੇ ਆਰਥਿਕ ਸਮਰਥਨ ਲਈ ਚੀਨ ‘ਤੇ ਬਹੁਤ ਜ਼ਿਆਦਾ ਨਿਰਭਰ ਸਨ ਅਤੇ ਉਨ੍ਹਾਂ ਦਾ ਮਨੁੱਖੀ ਅਧਿਕਾਰਾਂ ਦੇ ਮੋਰਚੇ ‘ਤੇ ਵੀ ਰਿਕਾਰਡ ਚੰਗਾ ਨਹੀਂ ਸੀ।