ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਸਵਾ ਦੋ ਲੱਖ ਭਾਰਤੀ

ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਸਵਾ ਦੋ ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਪਰਿਵਾਰ ਆਧਾਰਤ ਗ੍ਰੀਨ ਕਾਰਡ ਦਾ ਇੰਤਜ਼ਾਰ ਹੈ। ਇਸ ਕਾਰਡ ਦੇ ਮਿਲਣ ਨਾਲ ਅਮਰੀਕਾ ਵਿਚ ਸਥਾਈ ਤੌਰ ‘ਤੇ ਵਸਣ ਅਤੇ ਕੰਮ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਅਮਰੀਕੀ ਸੰਸਦ ਤੋਂ ਹਰ ਸਾਲ ਸਿਰਫ਼ ਦੋ ਲੱਖ 26 ਹਜ਼ਾਰ ਹੀ ਅਜਿਹੇ ਕਾਰਡ ਜਾਰੀ ਕਰਨ ਦੀ ਇਜ਼ਾਜਤ ਮਿਲੀ ਹੋਈ ਹੈ।

ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਪਰਿਵਾਰ ਆਧਾਰਤ ਗ੍ਰੀਨ ਕਾਰਡ ਪਾਉਣ ਦੀ ਕਤਾਰ ਵਿਚ ਕਰੀਬ 40 ਲੱਖ ਲੋਕ ਹਨ। ਇਸ ਸੂਚੀ ਵਿਚ ਸਭ ਤੋਂ ਵੱਡੀ ਗਿਣਤੀ ਅਮਰੀਕਾ ਦੇ ਦੱਖਣੀ ਗੁਆਂਢੀ ਦੇਸ਼ ਮੈਕਸੀਕੋ ਦੇ ਨਾਗਰਿਕਾਂ ਦੀ ਹੈ। ਕਰੀਬ 15 ਲੱਖ ਮੈਕਸੀਕੋ ਦੇ ਨਾਗਰਿਕਾਂ ਨੂੰ ਗ੍ਰੀਨ ਕਾਰਡ ਮਿਲਣ ਦਾ ਇੰਤਜ਼ਾਰ ਹੈ। ਗ੍ਰੀਨ ਕਾਰਡ ਦੀ ਇੰਤਜ਼ਾਰ ਸੂਚੀ ਵਿਚ ਦੂਜੇ ਸਥਾਨ ‘ਤੇ ਭਾਰਤ ਹੈ। ਕਰੀਬ ਦੋ ਲੱਖ 27 ਹਜ਼ਾਰ ਭਾਰਤੀ ਇਸ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ ਜਦਕਿ ਚੀਨ ਇਸ ਮਾਮਲੇ ਵਿਚ ਤੀਜੇ ਸਥਾਨ ‘ਤੇ ਹੈ। ਇਸ ਦੇ ਕਰੀਬ ਇਕ ਲੱਖ 80 ਹਜ਼ਾਰ ਨਾਗਰਿਕਾਂ ਨੂੰ ਪਰਿਵਾਰ ਆਧਾਰਤ ਗ੍ਰੀਨ ਕਾਰਡ ਦਾ ਇੰਤਜ਼ਾਰ ਹੈ।

ਇਹ ਕਰ ਸਕਦੇ ਹਨ ਸਪਾਂਸਰਡ

ਗ੍ਰੀਨ ਕਾਰਡ ਪਾਉਣ ਦੇ ਇੱਛੁਕ ਲੋਕਾਂ ਵਿਚ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਦੇ ਭੈਣ-ਭਰਾ ਹਨ। ਮੌਜੂਦਾ ਕਾਨੂੰਨ ਤਹਿਤ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕ ਗ੍ਰੀਨ ਕਾਰਡ ਜਾਂ ਸਥਾਈ ਜਾਇਜ਼ ਨਿਵਾਸ ਲਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਖ਼ੂਨ ਦੇ ਰਿਸ਼ਤੇਦਾਰਾਂ ਨੂੰ ਸਪਾਂਸਰਡ ਕਰ ਸਕਦੇ ਹਨ।

ਟਰੰਪ ਖ਼ਤਮ ਕਰਨਾ ਚਾਹੁੰਦੇ ਹਨ ਇਹ ਪ੍ਰਣਾਲੀ

ਮੈਰਿਟ ਆਧਾਰਤ ਇਮੀਗ੍ਰੇਸ਼ਨ ਨੂੰ ਉਤਸ਼ਾਹ ਦੇਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਆਧਾਰਤ ਗ੍ਰੀਨ ਕਾਰਡ ਦੇ ਖ਼ਿਲਾਫ਼ ਹਨ। ਉਹ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਜਦਕਿ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਪਰਿਵਾਰ ਆਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖ਼ਤਮ ਕੀਤੇ ਜਾਣ ਦਾ ਜ਼ੋਰ-ਸ਼ੋਰ ਨਾਲ ਵਿਰੋਧ ਕਰਦੀ ਹੈ।

ਇਨ੍ਹਾਂ ਭਾਰਤਵੰਸ਼ੀਆਂ ਦੇ ਭਰਾ-ਭੈਣ ਵੀ

ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਅਨੁਸਾਰ ਪਰਿਵਾਰ ਆਧਾਰਤ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਜ਼ਿਆਦਾਤਰ ਭਾਰਤੀਆਂ ਵਿਚ ਅਮਰੀਕੀ ਨਾਗਰਿਕਾਂ ਦੇ ਭੈਣ-ਭਰਾ ਹਨ। ਅਜਿਹੇ ਭਾਰਤੀਆਂ ਦੀ ਗਿਣਤੀ ਇਕ ਲੱਖ 81 ਹਜ਼ਾਰ ਤੋਂ ਜ਼ਿਆਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਹੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਨ ਜੋ ਆਪਣੇ ਵਿਆਹੇ ਬੱਚਿਆਂ ਲਈ ਗ੍ਰੀਨ ਕਾਰਡ ਮੰਗ ਰਹੇ ਹਨ।