ਅਫ਼ਗਾਨਿਸਤਾਨ ਵਿਚ ਦੋ ਵੱਖ-ਵੱਖ ਬੰਬ ਧਮਾਕੇ, 16 ਦੀ ਮੌਤ

ਕਾਬੁਲ (ਏਪੀ) : ਉੱਤਰੀ ਅਫ਼ਗਾਨਿਸਤਾਨ ਵਿਚ ਦੋ ਅਲੱਗ-ਅਲੱਗ ਬੰਬ ਧਮਾਕਿਆਂ ਵਿਚ 16 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਦੱਸੀਆਂ ਜਾ ਰਹੀਆਂ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਕੁੰਦੁਜ ਸੂਬੇ ਵਿਚ ਬੁੱਧਵਾਰ ਰਾਤ ਬੰਬ ਧਮਾਕੇ ਵਿਚ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਵਾਹਨ ਲੋਕਾਂ ਨੂੰ ਲੈ ਕੇ ਵਿਆਹ ਸਮਾਰੋਹ ਵਿਚ ਜਾ ਰਿਹਾ ਸੀ। ਇਸ ਵਿਚ ਛੇ ਔਰਤਾਂ, ਛੇ ਕੁੜੀਆਂ ਤੇ ਦੋ ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੇ ਕੁਝ ਘੰਟੇ ਪਿੱਛੋਂ ਸਰ-ਏ-ਪੋਲ ਸੂਬੇ ਵਿਚ ਇਕ ਜਾਂਚ ਚੌਕੀ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਵਿਚ ਇਕ ਪੁਲਿਸ ਜਵਾਨ ਦੀ ਮੌਤ ਹੋ ਗਈ। ਸੂਬਾਈ ਪੁਲਿਸ ਦੇ ਬੁਲਾਰੇ ਮੁਹੰਮਦ ਨੂਰਧਾ ਫੈਜੀ ਨੇ ਦੱਸਿਆ ਕਿ ਧਮਾਕਿਆਂ ਨਾਲ ਲੱਦੇ ਵਾਹਨ ਵਿਚ ਕਈ ਅੱਤਵਾਦੀ ਸਵਾਰ ਸਨ। ਜਾਂਚ ਚੌਕੀ ‘ਤੇ ਰੋਕੇ ਜਾਣ ‘ਤੇ ਉਨ੍ਹਾਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਅੱਤਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਵਾਹਨ ਨੂੰ ਰਿਮੋਟ ਨਾਲ ਉੱਡਾ ਦਿੱਤਾ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਦੋਵਾਂ ਹਮਲਿਆਂ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਅੱਤਵਾਦੀ ਜਮਾਤ ਦਾ ਕਰੀਬ ਅੱਧੇ ਅਫ਼ਗਾਨਿਸਤਾਨ ‘ਤੇ ਕੰਟਰੋਲ ਹੈ।