ਪ੍ਰਸਿੱਧ ਲੇਖਕ ਗੁਰਭਜਨ ਗਿੱਲ ਦੀ ਸ਼ਾਹਮੁਖੀ ਚ ਪ੍ਰਕਾਸ਼ਿਤ ਗ਼ਜ਼ਲ ਪੁਸਤਕ “ਗੁਲਨਾਰ” ਡਾ. ਅਰਵਿੰਦ ਢਿੱਲੋਂ, ਡਾ. ਰਤਨ ਸਿੰਘ ਜੱਗੀ ਤੇ ਡਾ.ਸਵਰਾਜਬੀਰ ਤੇ ਸਾਥੀਆਂ ਵੱਲੋਂ ਲੋਕ ਅਰਪਣ

ਨਿਊਜ਼ ਪੰਜਾਬ ਬਿਊਰੋ

ਲੁਧਿਆਣਾਃ 24 ਅਗਸਤ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫ਼ਤਰ ਵਿੱਚ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦੀ ਸ਼ਾਹਮੁਖੀ ਚ ਪ੍ਰਕਾਸ਼ਿਤ ਗ਼ਜ਼ਲ ਪੁਸਤਕ “ਗੁਲਨਾਰ” ਡਾ. ਅਰਵਿੰਦ ਢਿੱਲੋਂ, ਡਾ. ਰਤਨ ਸਿੰਘ ਜੱਗੀ ਤੇ ਡਾ.ਸਵਰਾਜਬੀਰ,ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਸੁਰਜੀਤ ਸਿੰਘ,ਡਾ. ਸੁਰਿੰਦਰਪਾਲ ਸਿੰਘ ਮੰਡ,ਡਾ. ਪਰਮਿੰਦਰਜੀਤ ਕੌਰ, ਡਾਃ ਪਰਮੀਤ ਕੌਰ ਤੇ ਡਾ. ਅੰਬੇਦਕਰ ਵਿਦਿਆ ਮੰਦਰ ਦੇ ਚੇਅਰਮੈਨ ਰਾਜੀਵ ਕੁਮਾਰ ਲਵਲੀ ਵੱਲੋਂ ਲੋਕ ਅਰਪਣ ਕੀਤੀ ਗਈ।

 

ਪੁਸਤਕ ਬਾਰੇ ਜਾਣਕਾਰੀ ਦੇਦਿਆਂ ਸ੍ਰ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਰਾਵੀ ਪਾਰ ਦੇ ਪਾਠਕਾਂ ਅਤੇ ਗੁਰਮੁਖੀ ਲਿਪੀ ਨਾ ਜਾਣਦੇ ਪਾਠਕਾਂ ਤੀਕ ਪਹੁੰਚਣ ਲਈ ਸ਼ਾਹਮੁਖੀ ਵਿੱਚ ਪੰਜਾਬੀ ਪੁਸਤਕਾਂ ਦਾ ਛਪਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੀਕ ਉਨ੍ਹਾਂ ਦੀਆਂ ਚਾਰ ਕਾਵਿ ਪੁਸਤਕਾਂ ਰਾਵੀ, ਸੁਰਤਾਲ, ਖ਼ੈਰ ਪੰਜਾ ਪਾਣੀਆਂ ਦੀ ਤੋਂ ਬਾਅਦ ਹੁਣ ਗੁਲਨਾਰ ਦਾ ਪ੍ਰਕਾਸ਼ਨ ਮੇਰੇ ਲਈ ਤਸੱਲੀ ਦਾ ਸਬੱਬ ਹੈ।

ਵਾਈਸ ਚਾਂਸਲਰ ਡਾ. ਅਰਵਿੰਦ ਢਿੱਲੋਂ, ਡਾ. ਰਤਨ ਸਿੰਘ ਜੱਗੀ ਤੇ ਡਾ. ਸਵਰਾਜਬੀਰ ਨੇ ਇਸ ਪੁਸਤਕ ਤੇ ਪ੍ਰਕਾਸ਼ਨ ਤੇ ਲੇਖਕ ਨੂੰ ਮੁਬਾਰਕ ਦਿੱਤੀ। ਉਨ੍ਹਾਂ ਦੱਸਿਆ ਕਿ ਨੇੜ ਭਵਿੱਖ ਵਿੱਚ ਭਾਈ ਵੀਰ ਸਿੰਘ ਜੀ ਦੀਆਂ ਚੋਣਵੀਆਂ 100ਕਵਿਤਾਵਾਂ ਦਾ ਸੰਗ੍ਰਹਿ ਸ਼ਾਹਮੁਖੀ ਲਿਪੀ ਵਿੱਚ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਲਗਪਗ 100 ਮਹੱਤਵਪੂਰਨ ਲੇਖਕਾਂ ਦੀਆਂ ਲਿਖਤਾਂ ਦੀ ਚੋਣ ਕਰਕੇ ਹਰ ਸਾਲ 10 ਪੁਸਤਕਾਂ ਦਾ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਨ ਕੀਤਾ ਜਾਵੇਗਾ।

ਇਸ ਪੁਸਤਕ ਬਾਰੇ ਲਿਖਦਿਆਂ ਉੱਘੇ ਗ਼ਜ਼ਲਕਾਰ ਤੇ ਆਲੋਚਕ ਡਾਃ ਜਸਪਾਲ ਘਈ ਨੇ ਲਿਖਿਆ ਹੈ ਕਿ

ਗੁਰਭਜਨ ਗਿੱਲ ਨੇ ਗੁਲਨਾਰ ਰਾਹੀਂ ਸਿਰਫ਼ ਗ਼ਜ਼ਲ ਹੀ ਤਖ਼ਲੀਕ ਹੀ ਨਹੀਂ ਕੀਤੀ, ਸਗੋਂ ਗ਼ਜ਼ਲ ਸਿਨਫ਼ ਬਾਰੇ ਕੁਝ ਕੁਝ ਸੰਜੀਦਾ ਗੱਲਾਂ ਵੀ ਕੀਤੀਆਂ ਹਨ ਅਤੇ ਅਜਿਹੀਆਂ ਗੱਲਾਂ ਉਹ ਸ਼ਖ਼ਸ ਹੀ ਕਰ ਸਕਦਾ ਹੈ ਜਿਸ ਦੀ ਰੂਹ ਵਿਚ ਗ਼ਜ਼ਲ ਪੂਰੀ ਤਰਾਂ ਨਾਲ ਰਚੀ ਹੋਈ ਹੋਵੇ ਅਤੇ ਜੋ ਗ਼ਜ਼ਲ ਸਿਰਫ਼ ਬਾਰੇ ਤਰਬੀਅਤ ਯਾਫ਼ਤਾ ਹੋਵੇ । ਗੁਰਭਜਨ ਗਿੱਲ ਨੂੰ ਗ਼ਜ਼ਲ ਸ਼ਾਸਤਰ ਬਾਰੇ ਹੀ ਨਹੀਂ, ਪੰਜਾਬੀ ਤੇ ਉਰਦੂ ਗ਼ਜ਼ਲ ਰਵਾਇਤ ਬਾਰੇ ਵੀ ਵਾਕਫ਼ੀਅਤ ਹੈ । ਪੰਜਾਬੀ ਦੇ ਬਹੁਤੇ ਸਿਰਕੱਢ ਸ਼ਾਇਰਾਂ ਵਾਂਗ ਭਾਵੇਂ ਉਸ ਦਾ ਵੀ ਉਸਤਾਦੀ ਸ਼ਾਗਿਰਦੀ ਰਵਾਇਤ ਵਿਚ ਯਕੀਨ ਨਹੀਂ ਪਰ ਉਸ ਨੂੰ ਉਸਤਾਦਾਂ ਅਤੇ ਵੱਡੇ ਸ਼ਾਇਰਾਂ ਦੀ ਕਦਰ ਕਰਨੀ ਆਉਂਦੀ ਹੈ ।