ਬਠਿੰਡਾ ਮਿਲਟਰੀ ਸਟੇਸ਼ਨ ਗੋਲੀਕਾਂਡ ਬਾਰੇ ਵਿਸਥਾਰ ਆਇਆ ਸਾਹਮਣੇ – ਪੁਲਿਸ ਨੇ ਦਰਜ਼ ਕੀਤੀ ਐਫ ਆਈ ਆਰ

ਬਠਿੰਡਾ: ਪੰਜਾਬ ਪੁਲਿਸ ਨੇ ਬਠਿੰਡਾ ਮਿਲਟਰੀ ਸਟੇਸ਼ਨ ਗੋਲੀਕਾਂਡ ਮਾਮਲੇ ‘ਚ ਐਫਆਈਆਰ ਦਰਜ ਕਰ ਲਈ ਹੈ। ਜਿਸ ਵਿੱਚ ਪੂਰੇ ਹਮਲੇ ਅਤੇ ਹਮਲਾਵਰਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਐਫਆਈਆਰ ਵਿੱਚ ਘਟਨਾ ਦਾ ਵੇਰਵਾ ਦਿੰਦਿਆਂ ਪੁਲਿਸ ਵੱਲੋਂ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨ ‘ਤੇ ਹਮਲੇ ਦੇ ਸਬੰਧ ‘ਚ ਦੋ ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਯੂਨਿਟ ਦੀ ਅਫ਼ਸਰ ਮੈੱਸ ਦੇ ਸਾਹਮਣੇ ਮੈੱਸ ਵਿੱਚ ਕੰਮ ਕਰਨ ਵਾਲੇ ਜਵਾਨਾਂ ਦੀ ਰਿਹਾਇਸ਼ ਲਈ ਬੈਰਕ ਬਣਾਏ ਗਏ ਹਨ। ਬੈਰਕ ਦੇ ਹੇਠਲੇ ਕਮਰੇ ਵਿੱਚ ਗਨਰ ਨਾਗਾ ਸੁਰੇਸ਼ ਰਹਿੰਦਾ ਹੈ ਤੇ ਉੱਪਰ ਵਾਲੇ ਦੋ ਕਮਰਿਆਂ ਵਿੱਚ ਸਾਗਰ ਬੰਨੇ ਤੇ ਉਸ ਦੇ ਨਾਲ ਗਨਰ ਯੂਗੇਸ਼ ਕੁਮਾਰ ਇੱਕ ਕਮਰੇ ਵਿੱਚ ਤੇ ਉਸ ਦੇ ਨਾਲ ਵਾਲੇ ਕਮਰੇ ਵਿੱਚ ਗਨਰ ਸੰਤੋਸ਼ ਅਤੇ ਗਨਰ ਕਮਲੇਸ਼ ਬਾਕੀ ਦੇ ਜਵਾਨ ਦੂਸਰੀ ਬਿਲਡਿੰਗ ਵਿੱਚ ਰਹਿੰਦੇ ਹਨ।
ਮੇਜਰ ਆਸ਼ੂਤੋਸ਼ ਸ਼ੁਕਲਾ ਮੁਤਾਬਕ ਅੱਜ ਸਵੇਰੇ 4:30 ਵਜੇ ਗਨਰ ਡਿਸਾਈ ਮੋਹਣ ਨੇ ਉਨ੍ਹਾਂ ਨੂੰ ਦੱਸਿਆ ਕਿ ਯੂਨਿਟ ਦੇ ਮੈੱਸ ਦੀ ਬੈਰਕ ਵਿੱਚ ਫਾਈਰਿੰਗ ਹੋਈ ਹੈ ਅਤੇ ਦੋ ਅਣਪਛਾਤੇ ਵਿਆਕਤੀਆਂ ਜਿਨਾਂ ਨੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਪਹਿਨੇ ਹੋਏ ਸਨ ਤੇ ਉਨ੍ਹਾਂ ਨੇ ਮੂੰਹ ਸਿਰ-ਕੱਪੜੇ ਨਾਲ ਢੱਕੇ ਹੋਏ ਸਨ। ਦੋਸ਼ੀ ਅਫਸਰ ਮੈੱਸ ਦੇ ਸਾਹਮਣੇ ਬਣੀ ਬੈਰਕ ਵਿੱਚੋਂ ਬਾਹਰ ਆਏ ਜਿੱਥੇ ਗਨਰ ਸੁੱਤੇ ਹੋਏ ਸਨ, ਉਨ੍ਹਾਂ ਵਿਚੋਂ ਇੱਕ ਨੇ ਸੱਜੇ ਹੱਥ ਵਿੱਚ ਇੰਸਾਸ ਰਾਈਫਲ ਅਤੇ ਦੂਸਰੇ ਦੇ ਸੱਜੇ ਹੱਥ ਵਿੱਚ ਕੁਹਾੜੀ ਫੜੀ ਹੋਈ ਸੀ।

ਮੇਜਰ ਮੁਤਾਬਕ ਉਨਾਂ ਦੇ ਕੱਦ ਦਰਮਿਆਨੇ ਸਨ ਜੋ ਕਿ ਉਨ੍ਹਾਂ ਨੂੰ ਦੇਖਕੇ ਬੈਰਕ ਦੇ ਖੱਬੇ ਪਾਸੇ ਜੰਗਲ ਵੱਲ ਨੂੰ ਨੱਸ ਗਏ। ਮੇਜਰ ਆਸ਼ੂਤੋਸ਼ ਅਤੇ ਕੈਪਟਨ ਸ਼ਾਂਤਨੂੰ ਮੌਕੇ ‘ਤੇ ਪਹੁੰਚੇ ਤੇ ਜਦੋਂ ਉਹ ਉਪਰ ਵਾਲੀ ਬਿਲਡਿੰਗ ਦੇ ਪਹਿਲੇ ਕਮਰੇ ‘ਚ ਗਏ ਤਾਂ ਦੇਖਿਆ ਕਿ ਉਥੇ ਗਨਰ ਸਾਗਰ ਬੰਨੇ ਤੇ ਯੂਗੋਸ਼ ਕੁਮਾਰ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਪਈਆਂ ਸਨ। ਜਦਕਿ ਦੂਸਰੇ ਕਮਰੇ ‘ਚ ਸੰਤੋਸ਼ ਤੇ ਕਮਲੇਸ਼ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਪਈਆਂ ਸਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇੱਕ ਰਾਈਫਲ ਬੱਟ ਨੰਬਰ 77 ਮਿਤੀ 31-3-23 ਨੂੰ ਉਨ੍ਹਾਂ ਦੀ ਯੂਨਿਟ ਦੇ ਲਾਂਸ ਨਾਇਕ ਮੁਪੜੀ ਹਰੀਸ਼ ਦੇ ਨਾਮ ‘ਤੇ ਤਕਸੀਮ ਹੋਈ ਸੀ ਜਿਸ ਦੀ ਗੁੰਮ ਹੋਣ ਜਾਣ ਦੀ ਸ਼ਿਕਾਇਤ 9 ਅਪ੍ਰੈਲ 2023 ਨੂੰ ਦਰਜ ਕੀਤੀ ਗਈ ਸੀ।

 

ਤਸਵੀਰ – ਸ਼ੋਸ਼ਲ ਮੀਡੀਆ