ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਗਮ ਦੇ ਮੁਲਾਜ਼ਮਾਂ ਲਈ 60,000 ਰੁਪਏ ਦੀ ਰਿਸ਼ਵਤ ਲੈਂਦਾ ਆਰਕੀਟੈਕਟ ਰੰਗੇ ਹੱਥੀਂ ਕਾਬੂ
ਨਿਊਜ਼ ਪੰਜਾਬ
ਨਗਰ ਨਿਗਮ ਜਲੰਧਰ ਚ ਤਾਇਨਾਤ ਆਰਕੀਟੈਕਟ ਦਾ ਸਾਥੀ ਬਿਲਡਿੰਗ ਇੰਸਪੈਕਟਰ ਵੀ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 10 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਮੈਕਸ ਐਸੋਸੀਏਟਸ, ਰਾਮਾ ਮੰਡੀ, ਜਲੰਧਰ ਦੇ ਮਾਲਕ ਆਰਕੀਟੈਕਟ ਰਾਜਵਿੰਦਰ ਸਿੰਘ ਨੂੰ ਨਗਰ ਨਿਗਮ ਜਲੰਧਰ ਦੇ ਮੁਲਾਜ਼ਮਾਂ ਨਾਲ ਮਿਲੀਭੁਗਤ ਰਾਹੀਂ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਸਰਟੀਫਿਕੇਟ ਜਾਰੀ ਕਰਾਉਣ ਬਦਲੇ 60,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਮਾਮਲੇ ਵਿੱਚ ਨਗਰ ਨਿਗਮ ਜਲੰਧਰ ਵਿਖੇ ਬਿਲਡਿੰਗ ਇੰਸਪੈਕਟਰ ਵਜੋਂ ਤਾਇਨਾਤ ਆਰਕੀਟੈਕਟ ਦੇ ਇੱਕ ਵਿਚੋਲੇ ਸੁਖਵਿੰਦਰ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦਾ ਇਸ ਮਾਮਲੇ ਵਿੱਚ ਆਰਕੀਟੈਕਟ ਦਾ ਦੂਜਾ ਸਾਥੀ ਵਰੁਣ, ਜੋ ਕਿ ਨਗਰ ਨਿਗਮ ਜਲੰਧਰ ਦਾ ਡਰਾਫਟਸਮੈਨ ਤੇ ਬਿਲਡਿੰਗ ਇੰਸਪੈਕਟਰ (ਵਾਧੂ ਚਾਰਜ), ਅਜੇ ਵੀ ਫਰਾਰ ਹੈ ਜਿਸਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਆਰਕੀਟੈਕਟ ਨੂੰ ਤਰੁਣਵੀਰ ਸਿੰਘ ਵਾਸੀ ਮਾਸਟਰ ਤਾਰਾ ਸਿੰਘ ਨਗਰ, ਜਲੰਧਰ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਆਰਕੀਟੈਕਟ ਨੇ ਉਪਰੋਕਤ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਮਿਲੀਭੁਗਤ ਕਰਕੇ ਉਸ ਦੇ ਦੋ ਪਲਾਟਾਂ ਦੀਆਂ ਫਾਈਲਾਂ ਦੇ ਨਿਪਟਾਰੇ ਲਈ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਸਰਟੀਫਿਕੇਟ ਜਾਰੀ ਕਰਾਉਣ ਬਦਲੇ ਉਸਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਜਦਕਿ ਉਹ ਉਕਤ ਪਲਾਟ ‘ਤੇ ਇੱਕ ਚੈਰੀਟੇਬਲ ਹਸਪਤਾਲ ਬਣਾਉਣਾ ਚਾਹੁੰਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਉਕਤ ਦੋਸ਼ੀ ਆਰਕੀਟੈਕਟ ਨੇ ਉਕਤ ਕੰਮ ਲਈ ਦੋਵੇਂ ਬਿਲਡਿੰਗ ਇੰਸਪੈਕਟਰਾਂ ਵਰੁਣ ਅਤੇ ਸੁਖਵਿੰਦਰ ਕੁਮਾਰ ਲਈ ਕ੍ਰਮਵਾਰ 50,000 ਰੁਪਏ 15,000 ਰੁਪਏ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਹ ਉਕਤ ਆਰਕੀਟੈਕਟ ਉਸ ਕੋਲੋਂ ਪਹਿਲੀ ਕਿਸ਼ਤ ਵਜੋਂ 5,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ।
ਇਸ ਸ਼ਿਕਾਇਤ ਦੀ ਮੁੱਢਲੀ ਤਫਤੀਸ਼ ਕਰਨ ਉਪਰੰਤ ਜਲੰਧਰ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਆਰਕੀਟੈਕਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਕਤ ਨਗਰ ਨਿਗਮ ਦੇ ਅਧਿਕਾਰੀਆਂ ਖਾਤਰ ਦੂਜੀ ਕਿਸ਼ਤ ਵਜੋਂ 60,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਆਰਕੀਟੈਕਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਸ ਮਾਮਲੇ ਵਿੱਚ ਸਹਿ ਦੋਸ਼ੀ ਵਜੋਂ ਸਾਜਿਸ਼ਕਰਤਾ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਇੰਸਪੈਕਟਰ ਸੁਖਵਿੰਦਰ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਫਰਾਰ ਮੁਲਜ਼ਮ ਵਰੁਣ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਉਕਤ ਸਾਰੇ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਰੇ ਮੁਲਜ਼ਮਾਂ ਦੇ ਆਮ ਲੋਕਾਂ ਤੋਂ ਰਿਸ਼ਵਤ ਲੈਣ ਦੇ ਢੰਗ ਤਰੀਕੇ ਦੀ ਵੀ ਜਾਂਚ ਕੀਤੀ ਜਾਵੇਗੀ।