ਪੰਜਾਬ ਯੂਨੀਵਰਸਿਟੀ ਚ ਸ਼ੁਰੂ ਹੋਈ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ

ਨਿਊਜ਼ ਪੰਜਾਬ 

16 ਰਾਜਾਂ ਦੇ 360 ਗੱਤਕਾ ਖਿਡਾਰੀ ਕਰਨਗੇ ਮੈਡਲਾਂ ਲਈ ਮੁਕਾਬਲੇ

ਪਹਿਲੇ ਦਿਨ ਪੰਜਾਬ ਤੇ ਚੰਡੀਗੜ ਦੇ ਗੱਤਕੇਬਾਜ ਰਹੇ ਭਾਰੂ

ਚੰਡੀਗੜ੍ਹ, 24 ਦਸੰਬਰ 
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ 10ਵੀਂ ਨੈਸ਼ਨਲ ਗੱਤਕਾ (ਲੜਕੇ) ਚੈਂਪੀਅਨਸ਼ਿਪ ਅੱਜ ਪੰਜਾਬ ਯੂਨੀਵਰਸਿਟੀ ਦੇ ਫੁੱਟਬਾਲ ਗਰਾਉਂਡ ਵਿਖੇ ਸ਼ੁਰੂ ਹੋ ਗਈ ਜਿਸ ਦਾ ਉਦਘਾਟਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨਿਗਮ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਅਤੇ ਚੰਡੀਗੜ੍ਹ ਉਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਨ. ਐਸ. ਠਾਕਰ ਵੱਲੋਂ ਸਾਂਝੇ ਤੌਰ ’ਕੀਤਾ ਗਿਆ।

ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ, ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਤੇ ਵਿੱਤ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋ ਰੋਜ਼ਾ ਗੱਤਕਾ ਮੁਕਾਬਲਿਆਂ ਦੌਰਾਨ ਫੱਰੀ-ਸੋਟੀ ਅਤੇ ਗੱਤਕਾ ਸੋਟੀ ਵਰਗ ਵਿੱਚ ਟੀਮ ਅਤੇ ਵਿਅਕਤੀਗਤ ਈਵੈਂਟਾਂ ਵਿੱਚ ਅੰਡਰ-14, ਅੰਡਰ-18, ਅੰਡਰ-22 ਤੇ ਅੰਡਰ-25 ਉਮਰ ਵਰਗ ਦੀਆਂ ਗੱਤਕਾ ਟੀਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਪਹਿਲੇ ਦਿਨ ਚੰਡੀਗੜ੍ਹ ਸਮੇਤ ਹੋਰਨਾਂ ਸੂਬਿਆਂ ਦੀਆਂ ਕੁੱਲ 16 ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ।

ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਜੇਤੂ ਟੀਮਾਂ ਤੇ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜਨਵਰੀ ਮਹੀਨੇ ਪੰਜਾਬ ਵਿੱਚ ਲੜਕੀਆਂ ਦੀ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵੀ ਕਰਵਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਜਿਲਾ ਗੱਤਕਾ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਤੇ ਵਿੱਤ ਸਕੱਤਰ ਜਸਵੰਤ ਸਿੰਘ ਗੋਗਾ ਵੀ ਹਾਜ਼ਰ ਸਨ।
ਅੱਜ ਦੇ ਵੱਖ ਵੱਖ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 14 ਸਾਲ ਤੋਂ ਘੱਟ ਉਮਰ (ਸਬ ਜੂਨੀਅਰ) ਵਰਗ ਦੇ ਗੱਤਕਾ ਸੋਟੀ ਇਵੇਂਟ ਵਿੱਚ ਚੰਡੀਗੜ੍ਹ ਨੇ ਸੋਨ ਤਗਮਾ ਜਿੱਤਿਆ। ਪੰਜਾਬ ਨੂੰ ਚਾਂਦੀ ਦਾ ਤਗਮਾ ਜਦਕਿ ਹਰਿਆਣਾ ਅਤੇ ਝਾਰਖੰਡ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਉਕਤ ਵਰਗ ਦੇ ਫੱਰੀ ਸੋਟੀ ਮੁਕਾਬਲੇ ਵਿੱਚ ਪੰਜਾਬ ਨੂੰ ਸੋਨ ਤਗਮਾ, ਹਰਿਆਣਾ ਨੂੰ ਚਾਂਦੀ ਦਾ ਜਦਕਿ ਉਤਰਾਖੰਡ ਤੇ ਚੰਡੀਗੜ੍ਹ ਨੂੰ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਮਿਲਿਆ।