ਕੋਵਿਡ ਖ਼ਤਰਾ – ਭਾਰਤ ਆਉਣ ਵਾਲੇ 5 ਦੇਸ਼ਾਂ ਦੇ ਯਾਤਰੀਆਂ ਦਾ ਹੋਵੇਗਾ RT-PCR ਟੈਸਟ – ਸੰਕਰਮਿਤ ਪਾਏ ਜਾਣ ‘ਤੇ ਕੀਤਾ ਜਾਵੇਗਾ ਕੁਆਰੰਟੀਨ – ਭਾਰਤ ਸਰਕਾਰ ਨੇ ਚੀਨ ਸਮੇਤ ਇਹਨਾਂ ਦੇਸ਼ਾਂ ਬਾਰੇ ਲਿਆ ਫੈਂਸਲਾ
ਨਵੀ ਦਿੱਲੀ , 24 ਦਸੰਬਰ – ਭਾਰਤ ਸਰਕਾਰ ਨੇ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਥਾਈਲੈਂਡ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਲਈ ਟੈਸਟ ਆਰਟੀਪੀਸੀਆਰ ਲਾਜ਼ਮੀ ਕਰ ਦਿੱਤਾ ਹੈ।ਵਿਸ਼ਵ ਪੱਧਰ ‘ਤੇ ਵਧਦੇ ਕੋਰੋਨਾ ਸੰਕਰਮਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸ਼ਨੀਵਾਰ ਨੂੰ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਚੀਨ, ਜਾਪਾਨ, ਹਾਂਗਕਾਂਗ, ਬੈਂਕਾਕ ਅਤੇ ਦੱਖਣੀ ਕੋਰੀਆ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਵਿਸਥਾਰਤ ਹੁਕਮ ਜਾਰੀ ਕਰ ਦਿੱਤੇ ਜਾਣਗੇ।
ਕੇਂਦਰੀ ਮੰਤਰੀ ਸ਼੍ਰੀ ਮਾਂਡਵੀਆ ਨੇ ਕਿਹਾ ਜਿਨ੍ਹਾਂ ਯਾਤਰੀਆਂ ਦੀ ਆਰਟੀ-ਪੀਸੀਆਰ ਰਿਪੋਰਟ ਪਾਜ਼ੇਟਿਵ ਆਵੇਗੀ ਜਾਂ ਜਿਨ੍ਹਾਂ ਨੂੰ ਬੁਖਾਰ ਵਰਗੇ ਲੱਛਣ ਹੋਣਗੇ, ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।ਪਹਿਲਾਂ ਮੀਡੀਆ ਵਿਚ ਕਿਹਾ ਜਾ ਰਿਹਾ ਸੀ ਕਿ ਜ਼ਿਆਦਾ ਸਰਗਰਮ ਮਾਮਲਿਆਂ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਰਿਪੋਰਟ ਲਾਜ਼ਮੀ ਹੋਵੇਗੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਖ਼ਬਰ ਦਾ ਖੰਡਨ ਕਰਦਿਆਂ ਕੇਂਦਰੀ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਨੂੰ ਰੋਕਣ ਲਈ ਹਵਾਈ ਅੱਡਿਆਂ ‘ਤੇ ਟੈਸਟਿੰਗ ਸਮੇਤ ਕਈ ਜ਼ਰੂਰੀ ਕਦਮ ਚੁੱਕੇ ਹਨ।
ਸਰਕਾਰ ਨੇ ਨਵੇਂ ਸਾਲ ਅਤੇ ਹੋਰ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਕੋਵਿਡ ਤੋਂ ਬਚਾਅ ਲਈ ਕੁੱਝ ਹਦਾਇਤਾਂ ਜਾਰੀ ਕੀਤੀਆਂ ਹਨ।