ਹਸਪਤਾਲ ਵੱਲੋਂ ਡੇਂਗੂ ਦੇ ਮਰੀਜ਼ ਨੂੰ ਪਲੇਟਲੈਟਸ ਦੀ ਬਜਾਏ ਮੁਸੰਮੀ ਦਾ ਜੂਸ ਚੜ੍ਹਾ ਦਿੱਤਾ – ਮਰੀਜ਼ ਦੀ ਮੌਤ , ਹਸਪਤਾਲ ਸੀਲ

Image
ਪ੍ਰਯਾਗਰਾਜ ਦੇ ਝਾਲਵਾ ਸਥਿਤ ਗਲੋਬਲ ਹਸਪਤਾਲ ਵੱਲੋਂ ਡੇਂਗੂ ਦੇ ਮਰੀਜ਼ ਨੂੰ ਪਲੇਟਲੈਟਸ ਦੀ ਬਜਾਏ ਮੁਸੰਮੀ ਦਾ ਜੂਸ ਚੜ੍ਹਾਉਣ ਦੀ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਹਸਪਤਾਲ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ ਅਤੇ ਪਲੇਟਲੈਟਸ ਦੇ ਪੈਕੇਟ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।- ਬ੍ਰਜੇਸ਼ ਪਾਠਕ, ਡਿਪਟੀ ਸੀ.ਐਮ -ਉੱਤਰ ਪ੍ਰਦੇਸ਼

ਨਿਊਜ਼ ਪੰਜਾਬ
ਪ੍ਰਯਾਗਰਾਜ ਉੱਤਰ ਪ੍ਰਦੇਸ਼ , 21 ਅਕਤੂਬਰ – ਪ੍ਰਯਾਗਰਾਜ ਸ਼ਹਿਰ ਦੇ ਝਾਲਵਾ ਦੇ ਗਲੋਬਲ ਹਸਪਤਾਲ ਵਿੱਚ ਪਲੇਟਲੈਟਸ ਚੜ੍ਹਾਉਣ ਤੋਂ ਦੋ ਦਿਨ ਬਾਅਦ ਮਰੀਜ਼ ਦੀ ਮੌਤ ਨੇ ਹੰਗਾਮਾ ਮਚਾ ਦਿੱਤਾ ਹੈ । ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪਲੇਟਲੈਟਸ ਦੇ ਨਾਂ ‘ਤੇ ਡਾਕਟਰਾਂ ਨੇ ਮੁਸੰਮੀ ਦਾ ਜੂਸ ਦਿੱਤਾ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਡਿਪਟੀ ਸੀਐਮ ਬ੍ਰਜੇਸ਼ ਪਾਠਕ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਕਾਰਵਾਈ ਦੇ ਹੁਕਮ ਦਿੱਤੇ ਹਨ। ਜਿਸ ’ਤੇ ਸੀਐਮਓ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਸ਼ ਝੂਠੇ ਹਨ। ਮਰੀਜ਼ ਨੂੰ 16 ਅਕਤੂਬਰ ਨੂੰ ਹੀ ਰੈਫਰ ਕਰ ਦਿੱਤਾ ਗਿਆ ਸੀ ਪ੍ਰੰਤੂ ਦੋ ਦਿਨ ਬਾਅਦ ਮਰੀਜ਼ ਦੀ ਮੌਤ ਹੋ ਗਈ।

ਕਥਿਤ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੇ ਨਿਰਦੇਸ਼ਾਂ ‘ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ। ਹਾਲੇ ਤੱਕ ਪੁਲੀਸ ਕੋਲ ਕਿਸੇ ਨੇ ਕੋਈ ਕੇਸ ਦਰਜ ਨਹੀਂ ਕਰਵਾਇਆ। ਪ੍ਰਾਈਵੇਟ ਹਸਪਤਾਲ ਦੇ ਮਾਲਕ ਨੇ ਦਾਅਵਾ ਕੀਤਾ ਕਿ ਪਲੇਟਲੈੱਟਸ ਕਿਸੇ ਹੋਰ ਸਹਿਤ ਸੰਸਥਾ ਤੋਂ ਲਿਆਂਦੇ ਗਏ ਸਨ।

ਘਟਨਾ
ਮੀਡੀਆ ਰਿਪੋਰਟਾਂ ਅਨੁਸਾਰ ਬਮਰੌਲੀ ਦੇ ਰਹਿਣ ਵਾਲੇ ਪ੍ਰਦੀਪ ਪਾਂਡੇ ਨੂੰ ਡੇਂਗੂ ਕਾਰਨ 14 ਅਕਤੂਬਰ ਨੂੰ ਪਿੱਪਲ ਪਿੰਡ ਦੇ ਗਲੋਬਲ ਹਸਪਤਾਲ ਅਤੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। 16 ਅਕਤੂਬਰ ਨੂੰ ਜਦੋਂ ਪਲੇਟਲੈਟਸ 17 ਹਜ਼ਾਰ ਤੱਕ ਪਹੁੰਚ ਗਏ ਤਾਂ ਡਾਕਟਰਾਂ ਨੇ ਪੰਜ ਯੂਨਿਟਾਂ ਦਾ ਪ੍ਰਬੰਧ ਕਰਨ ਲਈ ਕਿਹਾ। ਦੇਰ ਰਾਤ ਤਿੰਨ ਯੂਨਿਟ ਪਲੇਟਲੈਟ ਚੜ੍ਹਾਏ ਜਾਣ ਤੋਂ ਬਾਅਦ ਮਰੀਜ਼ ਦੀ ਹਾਲਤ ਵਿਗੜਨ ਲੱਗੀ। ਇਸ ਤੋਂ ਬਾਅਦ 17 ਅਕਤੂਬਰ ਦੀ ਸਵੇਰ ਨੂੰ ਮਰੀਜ਼ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ 19 ਅਕਤੂਬਰ ਨੂੰ ਪ੍ਰਦੀਪ ਦੀ ਮੌਤ ਹੋ ਗਈ। ਪ੍ਰਦੀਪ ਦੇ ਰਿਸਤੇਦਾਰ ਸੌਰਭ ਤ੍ਰਿਪਾਠੀ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਦੱਸਿਆ ਕਿ ਹਸਪਤਾਲ ਦੇ ਕੁਝ ਲੋਕਾਂ ਨੇ ਉਸ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਲੇਟਲੈਟ ਦਿੱਤੇ। ਸੌਰਭ ਨੇ ਦੋਸ਼ ਲਗਾਇਆ ਕਿ ਹਸਪਤਾਲ ‘ਚ ਪਲੇਟਲੈਟਸ ਦੀ ਬਜਾਏ ਮੁਸੰਮੀ ਦਾ ਜੂਸ ਦਿੱਤਾ ਗਿਆ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਕੁਝ ਹੀ ਦੇਰ ‘ਚ ਮਾਮਲਾ ਡਿਪਟੀ ਸੀਐੱਮ ਬ੍ਰਜੇਸ਼ ਪਾਠਕ ਤੱਕ ਵੀ ਪਹੁੰਚ ਗਿਆ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਸੀਐਮਓ ਡਾ ਨਾਨਕ ਸਰਾਂ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ। ਵੀਰਵਾਰ ਨੂੰ ਹਸਪਤਾਲ ਨੂੰ ਸੀਲ ਕਰਦੇ ਹੋਏ ਸੀਐਮਓ ਨੇ ਜਾਂਚ ਲਈ ਤਿੰਨ ਮੈਂਬਰੀ ਟੀਮ ਬਣਾਈ ਹੈ। ਬਾਕੀ ਪਲੇਟਲੈਟਾਂ ਨੂੰ ਜਾਂਚ ਲਈ ਡਰੱਗ ਵਿਭਾਗ ਦੀ ਲੈਬ ਵਿੱਚ ਭੇਜ ਦਿੱਤਾ ਗਿਆ ਹੈ।

Brajesh Pathak
@brajeshpathakup