ਬਿਕਰਮ ਸਿੰਘ ਮਜੀਠੀਆ ਹੁਣ ਸਿਰਫ ਪੂਰਬੀ ਹਲਕੇ ਤੋਂ ‘ਤਾਲੀ’ ਠੋਕਣਗੇ – ਸਿੱਧੂ ਦੀ ਚਣੋਤੀ ਕਬੂਲ ਕਰਨ ਲਈ ਅਕਾਲੀ ਦਲ ਤੋਂ ਮੰਗੀ ਇਜ਼ਾਜਤ

ਨਿਊਜ਼ ਪੰਜਾਬ

ਸੁਪਰੀਮ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਤੇ 23 ਫਰਵਰੀ ਤੱਕ ਰੋਕ ਲਾ ਦਿੱਤੀ ਹੈ। ਹੁਣ ਪੰਜਾਬ ਵਿਧਾਨ ਸਭਾ ਚੋਣਾਂ ਲਈ ਖੁੱਲ੍ਹ ਕੇ ਪ੍ਰਚਾਰ ਆਰੰਭ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਲਾਕੇ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਸਿੱਧੂ ਵਲੋਂ ਸਿਰਫ਼ ਇੱਕ ਪੂਰਬੀ ਹਲਕੇ ਤੋਂ ਹੀ ਚੋਣ ਲੜਣ ਦੇ ਕੀਤੇ ਚੈਲੰਜ਼ ਨੂੰ ਕਬੂਲ ਕਰਨ ਲਈ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪਾਰਟੀ ਤੋਂ ਸਿਰਫ ਪੂਰਬੀ ਹਲਕੇ ਤੋਂ ਹੀ ਚੋਣ ਲੜਣ ਦੀ ਆਗਿਆ ਮੰਗੀ ਹੈ , ਉਹਨਾਂ ਦੀ ਧਰਮ ਪਤਨੀ ਨੇ ਮਜੀਠੀਆ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਵੀ ਕਰ ਦਿਤੇ ਹਨ।
ਅੱਜ ਹਲਕਾ ਪੂਰਬੀ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜ ਰਹੇ ਬਿਕਰਮ ਸਿੰਘ ਮਜੀਠੀਆ ਨੇ ਅੱਜ ਵੀ ਇਸ ਹਲਕੇ ਵਿੱਚ ਚੋਣ ਪ੍ਰਚਾਰ ਜਾਰੀ ਰੱਖਿਆ ਅਤੇ ਕਈ ਹੋਰ ਪਾਰਟੀਆਂ ਦੇ ਸਮਰਥਕਾਂ ਨੇ ਉਹਨਾਂ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ । ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵਾਂ ਨੂੰ ਹੀ ਨਿਸ਼ਾਨੇ ’ਤੇ ਲਿਆ ਖਰੀਆਂ ਖਰੀਆਂ ਸੁਣਾਈਆਂ।

ਸ੍ਰ. ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ 18 ਸਾਲ ਦੀ ਸਿਆਸਤ ਵਿੱਚ ਕੋਈ ਵੀ ਪ੍ਰਾਪਤੀ ਨਹੀਂ ਹੈ। ਉਹ ਲੰਮਾ ਸਮਾਂ ਅਕਾਲੀ ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰ ਦਾ ਹਿੱਸਾ ਰਹੇ ਹਨ ਪਰ ਉਨ੍ਹਾਂ ਲੋਕਾਂ ਦੀ ਭਲਾਈ ਅਤੇ ਪੂਰਬੀ ਹਲਕੇ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਸ੍ਰੀ ਸਿੱਧੂ ਨੂੰ ਸਬਕ ਸਿਖਾਉਣ। ਉਨ੍ਹਾਂ ਕਾਂਗਰਸ ਸਰਕਾਰ ਬਾਰੇ ਆਖਿਆ ਕਿ ਇਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਖ਼ਿਲਾਫ ਝੂਠਾ ਕੇਸ ਦਰਜ ਕਰ ਕੇ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤਾ ਹੈ। ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਤੋਂ ਪੰਜਾਬੀਆਂ ਨੂੰ ਕਦੇ ਵੀ ਨਿਆਂ ਨਹੀਂ ਮਿਲਿਆ। ਇਸ ਵਾਰ ਵੀ ਲੋਕ ਆਮ ਆਦਮੀ ਪਾਰਟੀ ਤੋਂ ਨਿਆਂ ਦੀ ਉਮੀਦ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੀਤੇ ਵਾਅਦਿਆਂ ਵਰਗਾ ਇਕ ਵੀ ਵਾਅਦਾ ਦਿੱਲੀ ਵਿੱਚ ਲਾਗੂ ਨਹੀਂ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਮਾਡਲ ਨਾਕਾਮ ਸਾਬਤ ਹੋਇਆ ਹੈ, ਜਿੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ, ਨਾ ਨਵੇਂ ਵਿੱਦਿਅਕ ਅਦਾਰੇ ਤੇ ਨਾ ਹਸਪਤਾਲ ਖੋਲ੍ਹੇ ਗਏ ਹਨ ਅਤੇ ਨਾ ਹੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੀ ਰਿਹਾਈ ਦੇ ਮਾਮਲੇ ਵਿੱਚ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਕਿਵੇਂ ਮਾਸੂਮ ਬਣ ਕੇ ਆਖ ਰਹੇ ਹਨ ਕਿ ਪ੍ਰੋ. ਭੁੱਲਰ ਦੀ ਰਿਹਾਈ ਦੇ ਲੰਬਿਤ ਮਾਮਲੇ ਬਾਰੇ ਉਸ ਨੂੰ ਕੁਝ ਪਤਾ ਨਹੀਂ ਹੈ ਜਦਕਿ ਉਨ੍ਹਾਂ ਰਿਹਾਈ ਲਈ ਸਪੱਸ਼ਟ ਨਾਂਹ ਕਰ ਦਿੱਤੀ ਸੀ।