ਸਮਰਾਲਾ ਤੋਂ ਕਾਂਗਰਸੀ ਵਿਧਾਇਕ ਹੋਇਆ ਬਾਗੀ – ਬਣੇ ਆਜ਼ਾਦ ਉਮੀਦਵਾਰ – ਕਿਹਾ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ

ਨਿਊਜ਼ ਪੰਜਾਬ

ਸਮਰਾਲਾ ਤੋਂ ਮੌਜ਼ੂਦਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿਲੋਂ ਜਿਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਸੀ ਨੇ ਪਾਰਟੀ ਤੋਂ ਬਾਗੀ ਹੁੰਦਿਆਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਐਲਾਨ ਕਰਦਿਆਂ ਅੱਜ ਸਮਰਾਲਾ ਹਲਕੇ ਲਈ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ ਹਨ।

ਚਾਰ ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੂੰ ਨਜ਼ਰਅੰਦਾਜ਼ ਕਰਦਿਆਂ ਪਾਰਟੀ ਨੇ ਖੰਨਾ ਦੇ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਟਿਕਟ ਦਿੱਤੀ ਹੈ। ਉਹ ਸਾਬਕਾ ਮੰਤਰੀ ਮਰਹੂਮ ਕਰਮ ਸਿੰਘ ਗਿੱਲ ਦਾ ਪੁੱਤਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਅਤੇ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ ਦਾ ਰਿਸ਼ਤੇਦਾਰ ਹੈ।

ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। “ਮੇਰੇ ਪਰਿਵਾਰ ਨੂੰ ਟਿਕਟ ਦੇਣ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਹੁਣ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਮੈਂ ਇਸ ਵਾਰ ਆਪਣੇ ਪੋਤੇ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦਾ ਸੀ ਪਰ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ ਹੈ। ਸਮਰਾਲਾ ਸੀਟ ਤੋਂ ਚਾਰ ਵਾਰ ਕਾਂਗਰਸ ਲਈ ਜਿੱਤਣ ਦੇ ਬਾਵਜੂਦ ਸਾਡੇ ਪਰਿਵਾਰ ਨੂੰ ਇੱਕ ਵੀ ਟਿਕਟ ਨਹੀਂ ਦਿੱਤੀ ਗਈ।