ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਮੌਕ ਡਰਿੱਲ

ਨਿਊਜ਼ ਪੰਜਾਬ 

ਲੁਧਿਆਣਾ, 25 ਅਗਸਤ  – ਲੁਧਿਆਣਾ ਵਾਸੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ.ਨੌਨਿਹਾਲ ਸਿੰਘ ਆਈ.ਪੀ.ਐਸ. ਦੇ ਨਿਰਦੇਸ਼ਾਂ ‘ਤੇ ਦੇਰ ਸ਼ਾਮ ਲੁਧਿਆਣਾ ਪੁਲਿਸ ਵੱਲੋਂ ਇੱਕ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਦੀ ਅਗਵਾਈ ਪੁਲਿਸ ਕਮਿਸ਼ਨਰ ਲੁਧਿਆਣਾ ਨੌਨਿਹਾਲ ਸਿੰਘ ਨੇ ਖੁਦ ਕੀਤੀ ਅਤੇ ਨਿਗਰਾਨੀ ਸੰਯੁਕਤ ਪੁਲਿਸ ਕਮਿਸ਼ਨਰ (ਸਿਟੀ) ਸ੍ਰੀ ਦੀਪਕ ਪਾਰੀਕ ਅਤੇ ਸੰਯੁਕਤ ਪੁਲਿਸ ਕਮਿਸ਼ਨਰ (ਦਿਹਾਤੀ) ਡਾ. ਸਚਿਨ ਗੁਪਤਾ ਨੇ ਕੀਤੀ।

ਕਰੀਬ 400 ਪੁਲਿਸ ਕਰਮਚਾਰੀਆਂ ਨੇ ਫੇਜ਼-1 ਦੀ ਦੁੱਗਰੀ ਮਾਰਕੀਟ ਤੋਂ ਡਰਿੱਲ ਸ਼ੁਰੂ ਕੀਤੀ, ਦਰੇਸੀ ਗਰਾਂਊਡ ਪਹੁੰਚੀ ਅਤੇ ਅਖੀਰ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਸਮਾਪਤ ਹੋਈ।

ਕਮਿਸ਼ਨਰ ਸ.ਨੌਨਿਹਾਲ ਸਿੰਘ ਨੇ ਦੱਸਿਆ ਕਿ ਮੌਕ ਡਰਿੱਲ ਦਾ ਮੁੱਖ ਉਦੇਸ਼ ਕਿਸੇ ਵੀ ਐਮਰਜੈਂਸੀ ਵਰਗੀ ਸਥਿਤੀ ਵਿੱਚ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੇ ਸਮੇਂ ਦੀ ਜਾਂਚ ਕਰਨਾ ਹੈ। ਉਨ੍ਹਾਂ ਦੱਸਿਆ ਕਿ 9 ਗਜ਼ਟਿਡ ਅਧਿਕਾਰੀਆਂ ਜਿਨ੍ਹਾਂ ਵਿੱਚ ਏ.ਡੀ.ਸੀ.ਪੀ. ਡਾ. ਪ੍ਰਗਿਆ ਜੈਨ, ਸ੍ਰੀ ਅਸ਼ਵਨੀ ਗੋਤਿਆਲ ਅਤੇ ਹੋਰ, 24 ਐਸ.ਐਚ.ਓਜ਼, 14 ਯੂਨਿਟ ਇੰਚਾਰਜ, ਪੀ.ਸੀ.ਆਰ. ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਮੌਕ ਡਰਿੱਲ ਦੌਰਾਨ ਲਗਭਗ 60 ਵਾਹਨਾਂ ਦੀ ਵਰਤੋਂ ਕੀਤੀ ਗਈ.

ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਲੁਧਿਆਣਾ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।