ਦੀ ਈਸਟੈਂਡ ਕਲੱਬ ਦਾ ਨਿਰਮਾਣ ਸਤੰਬਰ ਹੋ ਜਾਵੇਗਾ ਸ਼ੁਰੂ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

ਨਿਊਜ਼ ਪੰਜਾਬ 

ਲੁਧਿਆਣਾ, 25 ਅਗਸਤ  – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਦੀ ਈਸਟੈਂਡ ਕਲੱਬ ਦੇ ਅਭਿਲਾਸ਼ੀ ਪ੍ਰਾਜੈਕਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ।

ਕਲੱਬ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਲੱਬ ਦੇ ਵਿਕਾਸ ‘ਤੇ 40 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ ਅਤਿ-ਆਧੁਨਿਕ ਮਨੋਰੰਜਨ ਕੈਫੇਟੇਰੀਆ, ਰੈਸਟੋਰੈਂਟ, ਗੇਮਜ਼, ਪਾਰਕ ਅਤੇ ਹੋਰ ਸਹੂਲਤਾਂ ਵਾਲਾ ਅਤਿ ਆਧੁਨਿਕ ਕਲੱਬ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਸਤੰਬਰ ਤੋਂ ਨਿਰਮਾਣ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਜਲਦ ਹੀ ਮੁਕੰਮਲ ਹੋ ਜਾਣਗੀਆਂ।

ਉਨ੍ਹਾਂ ਕਿਹਾ ਕਿ ਕੋਈ ਵੀ 1.5 ਲੱਖ ਰੁਪਏ ਦੀ ਮਾਮੂਲੀ ਫੀਸ ਦੇ ਕੇ ਕਲੱਬ ਦਾ ਮੈਂਬਰ ਬਣ ਸਕਦਾ ਹੈ ਅਤੇ 700 ਮੈਂਬਰ ਕਲੱਬ ਵਿੱਚ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਸੇਵਾ ਦਿੱਤੀ ਜਾਵੇਗੀ।

ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਲੁਧਿਆਣਾ ਦੇ ਪੂਰਬੀ ਪਾਸੇ ਦੇ ਲੋਕਾਂ ਦੀ ਚਿਰੋਕਣੀ ਮੰਗ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਕਲੱਬ ਮੈਂਬਰਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਇਸ ਮੌਕੇ ਮੁੱਖ ਪ੍ਰਸ਼ਾਸਕ ਗਲਾਡਾ ਸ.ਪਰਮਿੰਦਰ ਸਿੰਘ ਗਿੱਲ, ਏ.ਸੀ.ਏ. ਗਲਾਡਾ ਸ੍ਰੀ ਸੰਦੀਪ ਕੁਮਾਰ, ਸੰਯੁਕਤ ਪੁਲਿਸ ਕਮਿਸ਼ਨਰ ਜੇ.ਐਲਨਚੇਜ਼ੀਅਨ, ਕਲੱਬ ਗਵਰਨਿੰਗ ਬਾਡੀ ਮੈਂਬਰ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।