ਪਰਿਵਾਰਾਂ ਵੱਲੋਂ ਮੂੰਹ ਮੋੜ ਲੈਣ ‘ਤੇ ਵੀ ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਲੋਕਾਂ ਨੂੰ ਸਨਮਾਨ ਸਹਿਤ ਅੰਤਿਮ ਵਿਦਾਇਗੀ ਦੇਣਾ ਯਕੀਨੀ ਬਣਾ ਰਿਹੈ ਨਗਰ ਨਿਗਮ ਲੁਧਿਆਣਾ – ਮੇਅਰ ਬਲਕਾਰ ਸਿੰਘ ਸੰਧੂ

ਨਿਊਜ਼ ਪੰਜਾਬ 

ਲੁਧਿਆਣਾ, 06 ਮਈ  – ਜਿਵੇਂ ਕਿ ਕੋਵਿਡ-19 ਮਹਾਂਮਾਰੀ ਦੀ ਵਿਨਾਸ਼ਕਾਰੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਬਿਮਾਰੀ ਦਾ ਸ਼ਿਕਾਰ ਹੋਣ ਵਾਲੇ ਮ੍ਰਿਤਕ ਦੇ ਪਰਿਵਾਰ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ ਜਾਂ ਅਸਮਰੱਥ ਹੋ ਰਹੇ ਹਨ, ਨਗਰ ਨਿਗਮ ਲੁਧਿਆਣਾ ਵੱਲੋਂ ਕੋਵਿਡ ਕ੍ਰੀਮੇਸ਼ਨ ਮੈਨੇਜਮੈਂਟ ਸੈੱਲ ਦੁਆਰਾ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ।
ਅੱਜ ਸਥਾਨਕ ਸਰਾਭਾ ਨਗਰ ਵਿਖੇ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੇਅਰ ਸ. ਬਲਕਾਰ ਸਿੰਘ ਸੰਧੂ, ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਕਿਹਾ ਕਿ ਮਹਾਂਮਾਰੀ ਕਾਰਨ ਜਦੋਂ ਮੌਤ ਹੁੰਦੀ ਹੈ ਤਾਂ ਦੁੱਖ ਹੁੰਦਾ ਹੈ ਪਰ ਇਸ ਤੋਂ ਵੀ ਜ਼ਿਆਦਾ ਠੇਸ ਉਦੋਂ ਪਹੁੰਚਦੀ ਹੈ ਜਦੋਂ ਕੋਵਿਡ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਅੰਤਿਮ ਸਸਕਾਰ ਲਈ ਵੀ ਅੱਗੇ ਨਹੀਂ ਆਉਂਦੇ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਨੇ ਸਮਾਜ ਦੇ ਸਫੇਦ ਹੋਏ ਖੂਨ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਲੁਧਿਆਣਾ ਦੇ ਕੁਝ ਪਰਿਵਾਰਾਂ ਨੇ ਕੋਵਿਡ ਕਾਰਨ ਅਕਾਲ ਚਲਾਣਾ ਕਰ ਗਏ ਆਪਣੇ ਸਗੇ ਸਬੰਧੀਆਂ ਨੂੰ ਅਪਨਾਉਣ ਤੋਂ ਵੀ ਇੰਨਕਾਰ ਕੀਤਾ ਹੈ। ਉਨ੍ਹਾਂ ਰੂਹ ਕੰਬਾਉਣ ਵਾਲੇ ਇੱਕ ਕੇਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੋਵਿਡ-19 ਪੀੜਤ ਦੇ ਇੱਕ ਪਰਿਵਾਰ ਨੇ ਅੰਤਿਮ ਸਸਕਾਰ ਸਮੇਂ ਨਿਗਮ ਨੂੰ ਵੀਡੀਓ ਕਾਲ ਕਰਨ ਲਈ ਵੀ ਬੇਨਤੀ ਕੀਤੀ।
ਉਨ੍ਹਾਂ ਦੱਸਿਆ ਕਿ ਸਸਕਾਰ ਸੈੱਲ ਐਂਬੂਲੈਂਸਾਂ ਦਾ ਪ੍ਰਬੰਧ, ਸਸਕਾਰ ਦਾ ਸਮਾਂ ਤੈਅ ਕਰਨ, ਲੱਕੜਾਂ ਜਾਂ ਐਲ.ਪੀ.ਜੀ. ਤੋਂ ਇਲਾਵਾ ਕਾਗਜ਼ੀ ਕਾਰਵਾਈ ਕਰਨ ਸਬੰਧੀ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਡੀ.ਸੀ. ਰੇਟ ‘ਤੇ 10 ਨੌਜਵਾਨਾਂ ਨੂੰ ਰੱਖਿਆ ਹੈ ਅਤੇ ਇਹ ਸਾਰੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਆਪਣੀ ਡਿਊਟੀ ਨਿਭਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੀ.ਪੀ.ਈ. ਕਿੱਟਾਂ ਪਾ ਕੇ ਸਸਕਾਰ/ਦਫਨਾਉਣਾ ਕਰਨਾ ਬਹੁਤ ਮੁਸ਼ਕਿਲ ਕੰਮ ਹੈ ਜਦੋਂ ਮੌਸਮ ਗਰਮੀ ਦਾ ਹੋਵੇ ਪਰ ਨਗਰ ਨਿਗਮ ਦੀ ਟੀਮ ਇਹ ਕੰਮ ਮਨੁੱਖਤਾ ਦੀ ਸੇਵਾ ਨੂੰ ਵਿਚਾਰਦਿਆਂ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਕਿਸੇ ਵੀ ਸੂਰਤ ਵਿੱਚ ਪਿੱਛੇ ਨਹੀਂ ਹਟੇਗਾ ਅਤੇ ਪ੍ਰੋਟੋਕਾਲ ਅਨੁਸਾਰ ਸਤਿਕਾਰਯੋਗ ਢੰਗ ਨਾਲ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕਰੇਗਾ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕੋਵਿਡ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਆਪਣੇ ਸਗੇ-ਸਬੰਧੀਆਂ ਦਾ ਤਿਆਗ ਨਾ ਕਰਨ ਸਗੋਂ ਅੰਤਿਮ ਸਸਕਾਰ ਮੌਕੇ ਬਿਨ੍ਹਾਂ ਕਿਸੇ ਡਰ ਦੇ ਅੰਤਿਮ ਰਸਮਾਂ ਪੂਰੀਆਂ ਕਰਦੇ ਹੋਏ ਬਣਦਾ ਸਨਮਾਨ ਦੇਣ। ਉਨ੍ਹਾਂ ਅੱਗੇ ਕਿਹਾ ਕਿ ਇਸ ਧਰਤੀ ‘ਤੇ ਕਿਸੇ ਨੇ ਵੀ ਸਦਾ ਨਹੀਂ ਰਹਿਣਾ, ਸੱਚ ਇਹ ਹੈ ਕਿ ਇੱਕ ਦਿਨ ਸੱਭ ਨੇ ਤੁਰ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ ਕ੍ਰੀਮੇਸ਼ਨ ਮੈਨੇਜਮੈਂਟ ਸੈੱਲ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਤੋਂ ਕੰਮ ਕਰ ਰਿਹਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਅੰਤਿਮ ਸਸਕਾਰ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਆਉਣ ‘ਤੇ ਕੋਈ ਵੀ ਸ਼ਮਸ਼ਾਨਘਾਟ ਦੇ ਹੈਲਪਲਾਈਨ ਨੰਬਰ  95015-00101, 77197-12797 ਅਤੇ 95015-00102 ‘ਤੇ ਸੰਪਰਕ ਕਰ ਸਕਦਾ ਹੈ।