ਪੰਜਾਬ ਸਰਕਾਰ ਨੇ 1 ਅਪ੍ਰੈਲ, 2017 ਤੋਂ ਹੁਣ ਤੱਕ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 16.29 ਲੱਖ ਰੁਜ਼ਾਗਰ ਦੇ ਦਿੱਤੇ ਮੌਕੇ- ਚੰਨੀ
ਨਿਊਜ਼ ਪੰਜਾਬ
ਚੰਡੀਗੜ੍ਹ, 6 ਮਈ:
ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ 1 ਅਪਰੈਲ, 2017 ਤੋਂ ਹੁਣ ਤੱਕ 16.29 ਲੱਖ ਨੌਕਰੀਆਂ ਪ੍ਰਦਾਨ ਕੀਤੀਆਂ ਜਿਸ ਵਿੱਚ ਸਰਕਾਰੀ ਵਿਭਾਗਾਂ ਵਿਚ 58508 ਅਤੇ ਪ੍ਰਾਈਵੇਟ ਖੇਤਰ ਵਿਚ 5.69 ਲੱਖ ਨੌਕਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ 9.97 ਲੱਖ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਅਤੇ 4299 ਨੂੰ ਫੌਜ ਅਤੇ ਪੁਲਿਸ ਫੋਰਸ ਵਿੱਚ ਰੁਜ਼ਗਾਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸੂਬੇ ਦੀ ਮੰਤਰੀ ਮੰਡਲ ਨੇ 61,336 ਅਸਾਮੀਆਂ ਨੂੰ ਮਨਜ਼ੂਰੀ ਦੇਣ ਦੇ ਨਾਲ ਨਾਲ 1 ਲੱਖ ਨੌਜਵਾਨਾਂ ਨੂੰ ਸਰਕਾਰੀ ਖੇਤਰ ਵਿੱਚ ਨੌਕਰੀਆਂ ਪ੍ਰਦਾਨ ਕਰਨ ਲਈ 14 ਅਕਤੂਬਰ, 2020 ਨੂੰ ਇੱਕ ਰੁਜ਼ਗਾਰ ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਇਸ ਤੋਂ ਇਲਾਵਾ, 1 ਅਪ੍ਰੈਲ, 2020 ਤੋਂ ਹੁਣ ਤੱਕ ਵੱਖ-ਵੱਖ ਵਿਭਾਗਾਂ ਵੱਲੋਂ 7889 ਨਿਯੁਕਤੀਆਂ ਦੇ ਨਾਲ ਲਗਭਗ 31813 ਅਸਾਮੀਆਂ ਸਬੰਧੀ ਇਸ਼ਤਿਹਾਰ ਦਿੱਤਾ ਜਾ ਚੁੱਕਾ ਹੈ ਜਾਂ ਭਰਤੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੂਨ/ਜੁਲਾਈ, 2021 ਵਿਚ ਕਰਵਾਏ ਜਾ ਰਹੇ 7ਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਈ ਪ੍ਰਾਈਵੇਟ ਖੇਤਰ ਨਾਲ ਸਬੰਧਤ 2.67 ਲੱਖ ਅਸਾਮੀਆਂ ਤਿਆਰ ਕੀਤੀਆਂ ਗਈਆਂ ਹਨ ਬਸ਼ਰਤੇ ਕੋਵਿਡ ਦੀ ਸਥਿਤੀ ਵਿਚ ਸੁਧਾਰ ਹੋ ਜਾਵੇ। ਸ. ਚੰਨੀ ਨੇ ਦੱਸਿਆ ਕਿ ਨੌਕਰੀ ਦੀ ਭਾਲ ਕਰਨ ਵਾਲਿਆਂ ਅਤੇ ਰੁਜ਼ਗਾਰਦਾਤਾਵਾਂ ਦਰਮਿਆਨ ਗੱਲਬਾਤ ਅਤੇ ਰਜਿਸਟ੍ਰੇਸ਼ਨ ਲਈ ਇੱਕ ਡਿਜੀਟਲ ਪਲੇਟਫਾਰਮ www.pgrkam.com (ਪੰਜਾਬ ਘਰ-ਘਰ ਰੁਜ਼ਗਾਰ ਅਤੇ ਕਰੋਬਾਰ ਮਿਸ਼ਨ) ਜਨਵਰੀ, 2020 ਤੋਂ ਸੂਬਾ ਪੱਧਰ ‘ਤੇ ਕਾਰਜਸ਼ੀਲ ਹੈ। ਮੌਜੂਦਾ ਸਮੇਂ 11.82 ਲੱਖ ਨੌਕਰੀ ਦੀ ਭਾਲ ਕਰਨ ਵਾਲੇ ਅਤੇ 9600 ਰੁਜ਼ਗਾਰਦਾਤੇ ਇਸ ਪੋਰਟਲ ਦੀ ਵਰਤੋਂ ਕਰ ਰਹੇ ਹਨ।
ਹੋਰ ਜਾਣਕਾਰੀ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਕੰਮ ਅਤੇ ਪੜ੍ਹਾਈ ਦੇ ਅਧਾਰ ‘ਤੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਮਾਰਗ ਦਰਸ਼ਨ ਅਤੇ ਸਲਾਹ ਦੇਣ ਲਈ ਪੀ.ਜੀ.ਆਰ.ਕੇ.ਐਮ. ਅਧੀਨ ਇੱਕ ਵਿਦੇਸ਼ੀ ਅਧਿਐਨ ਅਤੇ ਪਲੇਸਮੈਂਟ ਸੈੱਲ ਸਥਾਪਤ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਹੁਣ ਤੱਕ ਇਹਨਾਂ ਉਮੀਦਵਾਰਾਂ ਦੀ ਕੌਂਸਲਿੰਗ ਦਾ ਇੱਕ ਗੇੜ ਹੋ ਚੁੱਕਾ ਹੈ ਜਿਸ ਤਹਿਤ 21 ਜਿ਼ਲ੍ਹਿਆਂ ਅਤੇ 311 ਉਮੀਦਵਾਰਾਂ ਨੂੰ ਲਾਭ ਮਿਲ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਫਰਵਰੀ, 2021 ਨੂੰ ਪਿੰਡ ਬਜਵਾੜਾ, ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ ਤਾਂ ਜੋ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਵਜੋਂ ਫੌਜ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਸੇ ਤਰਾਂ ਜਿ਼ਲ੍ਹਾ ਪੱਧਰ `ਤੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੁੜੇ ਮੁੱਦਿਆਂ` ਤੇ ਸਹਾਇਤਾ ਪ੍ਰਦਾਨ ਕਰਨ ਲਈ ਵਨ ਸਟਾਪ ਸ਼ਾਪ ਵਜੋਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਨੌਕਰੀ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਅਤੇ ਉਹਨਾਂ ਸਬੰਧੀ ਵੇਰਵੇ ਇਕੱਠੇ ਕਰਨਾ ਅਤੇ ਹੋਰ ਉਪਰਾਲੇ ਜਿਵੇਂ ਸਕੂਲ / ਕਾਲਜ ਟੌਕਸ, ਕਰੀਅਰ ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਦੇ ਆਯੋਜਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ 1 ਜੂਨ, 2021 ਤੋਂ ਰੋਜ਼ਗਾਰ ਦੀ ਚੋਣ ਕਰਨ ਸਬੰਧੀ ਨੌਜਵਾਨਾਂ ਦੇ ਸਵਾਲ ਨੂੰ ਹੱਲ ਕਰਨ ਲਈ ਇਕ ਇੰਟਰੈਕਟਿਵ ਵੋਆਈਸ ਰਿਸਪਾਂਸ (ਆਈ.ਵੀ.ਆਰ.) ਕਾਲ ਸੈਂਟਰ ਸ਼ੁਰੂ ਹੋਣ ਤਿਆਰ ਹੈ।
ਗੌਰਤਲਬ ਹੈ ਕਿ ਸਕਿਲਿੰਗ ਤੇ ਰੋਜ਼ਗਾਰ ਰਾਹੀਂ ਨਸ਼ਾਖੋਰੀ ਦੇ ਪੀੜਤਾਂ ਦੇ ਮੁੜ ਵਸੇਬੇ ਲਈ ‘ਮਿਸ਼ਨ ਰੈਡ ਸਕਾਈ’ 1 ਜਨਵਰੀ, 2021 ਨੂੰ ਸੁਰੂ ਕੀਤਾ ਗਿਆ ਜਿਸਦਾ ਉਦੇਸ਼ ਓਟ ਕਲੀਨਿਕਾਂ ਵਿੱਚ ਇਲਾਜ ਅਧੀਨ ਘੱਟੋ ਘੱਟ 11,000 ਪੀੜਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਚੰਨੀ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਜ਼ਿਲ੍ਹਿਆਂ ਵੱਲੋਂ ਪਹਿਲਾਂ ਹੀ ਨੋਡਲ ਅਫਸਰਾਂ ਅਤੇ ਮਿਸ਼ਨ ਰੈਡ ਸਕਾਈ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾ ਚੁੱਕਾ ਹੈ ਜੋ ਓਟ ਕਲੀਨਿਕਾਂ ਵਿੱਚੋਂ ਨੌਜਵਾਨਾਂ ਦੀ ਪਛਾਣ ਕਰਨ ਵਿੱਚ ਯਤਨਸ਼ੀਲ ਹਨ।