ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ ਮਿੱਥੇ ਸਮੇਂ 29 ਨਵੰਬਰ ਨੂੰ ਹੀ ਹੋਵੇਗੀ – ਸਹਾਇਕ ਡਾਇਰੈਕਟਰ ਕਾਲੇਕੇ

ਨਿਊਜ਼ ਪੰਜਾਬ

ਅੰਮ੍ਰਿਤਸਰ, 26 ਨਵੰਬਰ – ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਬੋਰਡ ਡਾਇਰੈਕਟੋਰੇਟ ਵਲੋਂ ਲਈ ਜਾਣ ਵਾਲੀ ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ, ਜੋ ਕਿ 29 ਨਵੰਬਰ ਨੂੰ ਹੋਣੀ ਹੈ, ਲਈ ਤਿਆਰੀਆਂ ਮੁਕੰਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਇਕ ਜਾਅਲੀ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ‘ਚ 29 ਨਵੰਬਰ, 2020 ਨੂੰ ਹੋਣ ਵਾਲੀ ਪ੍ਰੀਖਿਆ ਕੋਵਿਡ ਕਾਰਨਾਂ ਕਰਕੇ ਮੁਲਤਵੀ ਕਰਨ ਦੀ ਅਫ਼ਵਾਹ ਫੈਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਜਾਅਲੀ ਪੱਤਰ ਹੈ। ਸਿੱਖਿਆ ਭਰਤੀ ਬੋਰਡ ਪੰਜਾਬ ਵਲੋਂ ਈ. ਟੀ. ਟੀ. ਭਰਤੀ ਪ੍ਰੀਖਿਆ ਨੂੰ ਮੁਲਤਵੀ ਕਰਨ ਬਾਰੇ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ। ਪ੍ਰੀਖਿਆ ਨਿਯਤ ਮਿਤੀ 29 ਨਵੰਬਰ ਨੂੰ ਹੀ ਹੋਵੇਗੀ। ਇਸ ਸਮੇਂ ਡਾ. ਜਰਨੈਲ ਸਿੰਘ ਕਾਲੇਕੇ ਨੇ ਪ੍ਰੀਖਿਆਰਥੀਆਂ ਨੂੰ ਕਿਸੇ ਵੀ ਅਫ਼ਵਾਹ ਵੱਲ ਧਿਆਨ ਨਾ ਦੇਣ ਦੀ ਗੱਲ ਕਰਦਿਆਂ ਸਿਰ ਪ੍ਰੀਖਿਆ ਕੇਂਦਰਾਂ ‘ਚ ਰਿਪੋਰਟ ਕਰਨ ਦੀ ਅਪੀਲ ਕੀਤੀ।