ਕੈਬਨਿਟ ਮੰਤਰੀ ਸਰਕਾਰੀਆਂ ਵਲੋਂ ਤਰਨਤਾਰਨ ਵਿਖੇ ਡਾ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ

ਤਾਰਨ ਤਾਰਨ, 31 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਦੀ ਸਹੂਲਤ ਲਈ “ਡਾ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਯੋਜਨਾ” ਦੀ ਤਰਨ ਤਾਰਨ ਵਿਖੇ ਅੱਜ ਕੈਬਨਿਟ ਮੰਤਰੀ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵਲੋਂ  ਸ਼ੁਰੂਆਤ ਕੀਤੀ ਗਈ। ਸ਼੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਯੋਜਨਾ ਨੂੰ ਆਨਲਾਇਨ ਸ਼ੁਰੂ ਕਰਨ ਸਬੰਧੀ ਹੋਏ ਸਮਾਗਮ ਵਿਚ ਸ਼ਿਰਕਤ ਕੀਤੀ । ਇਸ ਤੋਂ ਬਾਅਦ ਉਨਾਂ ਇਸ ਯੋਜਨਾ ਤਹਿਤ 12 ਵੀਂ ਜਮਾਤ ਦੇ 5 ਵਿਦਿਆਰਥੀਆਂ ਨੂੰ ਮੌਕੇ `ਤੇ ਹੀ ਸਰਟੀਫਿਕੇਟ ਸੌਂਪਕੇ ਉਨਾਂ ਦੀ ਰਜਿਸਟ੍ਰੇਸ਼ਨ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਲੇ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸ. ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਵਿਦਿਆਰਥੀਆਂ ਦੀ ਭਲਾਈ ਲਈ ਇਸ ਯੋਜਨਾ ਤਹਿਤ ਆਮਦਨ ਦਾ ਦਾਇਰਾ ਵੀ 4 ਲੱਖ ਰੁਪੈ ਸਾਲਾਨਾ ਤੱਕ ਕਰ ਦਿੱਤਾ ਹੈ, ਜਿਸ ਨਾਲ ਹੋਰ ਵਧੇਰੇ ਵਿਦਿਆਰਥੀ ਇਸ ਤਹਿਤ ਲਾਭ ਲੈ ਸਕਣਗੇ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ 600 ਕਰੋੜ ਰੁਪੈ ਐਸ. ਸੀ. ਭਾਈਚਾਰੇ ਦੇ ਵਿਦਿਆਰਥੀਆਂ ਦੀ ਪੜਾਈ `ਤੇ ਖਰਚ ਹੋਣਗੇ , ਜਿਸ ਵਿਚੋਂ 168 ਕਰੋੜ ਰੁਪੈ  ਸਰਕਾਰੀ ਸਿੱਖਿਆ ਸੰਸਥਾਵਾਂ ਤੇ 432 ਕਰੋੜ ਰੁਪੈ ਪ੍ਰਾਈਵੇਟ ਅਦਾਰਿਆਂ ਵਲੋਂ ਵਿਦਿਆਰਥੀਆਂ ਦੀ ਫੀਸ ਵਿਰੁੱਧ ਪ੍ਰਾਪਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਸਾਲ 2018 ਵਿਚ ਕੇਂਦਰ ਸਰਕਾਰ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਵਿਚ ਅਨੇਕਾਂ ਬਦਲਾਅ ਕਰਕੇ ਸੂਬਾ ਸਰਕਾਰਾਂ `ਤੇ ਸਿੱਧਾ ਬੋਝ ਪਾ ਕੇ ਵਿਦਿਆਰਥੀਆਂ ਦਾ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੀ ਭਲਾਈ ਲਈ ਇਹ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਯੋਜਨਾ ਸ਼ੈਸ਼ਨ 2020-21 ਤੋਂ ਲਾਗੂ ਹੈ ਅਤੇ ਇਸ ਯੋਜਨਾ ਤਹਿਤ ਕੇਂਦਰ ਦੇ ਪੰਜਾਬ , ਚੰਡੀਗੜ ਦੇ ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਅਦਾਰੇ ਕਵਰ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਵਲੋਂ 12 ਵੀਂ ਜਮਾਤ ਦੇ 5 ਵਿਦਿਆਰਥੀਆਂ  ਨੂੰ ਮੌਕੇ `ਤੇ ਪੋਸਟ ਮੈਟਰਿਕ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੇ ਸਰਟੀਫਿਕੇਟ ਵੀ ਸੌਂਪੇ। ਡਿਪਟੀ ਕਮਿਸ਼ਨਰ ਨੇ ਭਲਾਈ ਵਿਭਾਗ ਤੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ ਇਸ ਨਵੀਂ ਯੋਜਨਾ ਸਬੰਧੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ। ਜਿਲਾ ਭਲਾਈ ਅਫਸਰ ਬਿਕਰਮਜੀਤ  ਸਿੰਘ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਵਲੋਂ ਜ਼ਮੀਨੀ ਪੱਧਰ `ਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਅਧਿਕਾਰੀ ਵੀ ਤਾਇਨਾਤ ਕੀਤੇ ਜਾ ਰਹੇ ਹਨ।