ਬਾਰ ਕੌਂਸਲ ਦੀਆਂ ਹਿਦਾਇਤਾਂ ਕਾਰਨ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ ਦਾ ਪ੍ਰਚਾਰ ਇਸ ਵਾਰ ਮੱਠਾ
ਸੰਗਰੂਰ, 30 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀਆਂ 6 ਨਵੰਬਰ ਨੂੰ ਹੋ ਰਹੀਆਂ ਚੋਣਾਂ ਨੂੰ ਲੈ ਕੇ ਪੰਜਾਬ ਹਰਿਆਣਾ ਬਾਰ ਕੌਂਸਲ ਵਲੋਂ ਜਾਰੀ ਹਿਦਾਇਤਾਂ ਦੇ ਚੱਲਦਿਆਂ ਇਸ ਵਾਰ ਚੋਣ ਪ੍ਰਚਾਰ ਬਿਲਕੁਲ ਮੱਠਾ ਚੱਲ ਰਿਹਾ ਹੈ। ਚੋਣ ਪ੍ਰਚਾਰ ‘ਚੋਂ ‘ਪਾਰਟੀਆਂ’ ਆਦਿ ਦੇ ਦੌਰ ਪੂਰੀ ਤਰ੍ਹਾਂ ਗ਼ਾਇਬ ਹਨ। ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਚੋਣਾਂ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਚੋਣ ਪ੍ਰਚਾਰ ਲਈ ਕੌਂਸਲ ਵਲੋਂ ਕੁਝ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਹਰ ਉਮੀਦਵਾਰ ਲਈ ਜ਼ਰੂਰੀ ਹੈ। ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਕਿਸੇ ਵੀ ‘ਪਾਰਟੀ’ ਬਗੈਰਾ ਦਾ ਪ੍ਰਬੰਧ ਨਹੀਂ ਕਰ ਸਕੇਗਾ। ਉਮੀਦਵਾਰ ਪ੍ਰਚਾਰ ਲਈ ਨਾ ਹੀ ਕਿਸੇ ਵੋਟਰ (ਵਕੀਲ) ਦੇ ਘਰ ਜਾ ਸਕੇਗਾ, ਸਿਰਫ਼ ਫ਼ੋਨ ‘ਤੇ ਹੀ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਚਾਰ ਲਈ ਇਕੱਠ ਦੀ ਬਿਲਕੁਲ ਮਨਾਹੀ ਹੈ। ਕੋਈ ਵੀ ਉਮੀਦਵਾਰ ਨਾ ਤਾਂ ਪੋਸਟਰ ਛਪਾ ਸਕਦਾ ਹੈ ਅਤੇ ਨਾ ਹੀ ਵੰਡ ਸਕਦਾ ਹੈ। ਕੋਈ ਵੀ ਫਲੈਕਸ ਬਗੈਰਾ ਵੀ ਨਹੀਂ ਲਾਈ ਜਾ ਸਕੇਗੀ। ਕਿਸੇ ਵੀ ਅਖ਼ਬਾਰ ਜਾਂ ਇਲੈੱਕਟ੍ਰਾਨਿਕ ਮੀਡੀਆ ਰਾਹੀਂ ਕੋਈ ਵੀ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਗਰੇਵਾਲ ਨੇ ਦੱਸਿਆ ਕਿ ਉਪਰੋਕਤ ਹਿਦਾਇਤਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਇਸ ਸਬੰਧੀ ਕੋਈ ਵੀ ਸ਼ਿਕਾਇਤ ਬਾਰ ਕੌਂਸਲ ਦੀ ਚੋਣ ਕਮੇਟੀ ਨੂੰ ਕੀਤੀ ਜਾ ਸਕੇਗੀ।