2.70 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਦਾਮਨ ਥਿੰਦ ਬਾਜਵਾ ਨੇ ਰੱਖੇ ਨੀਂਹ ਪੱਥਰ

ਲੌਂਗੋਵਾਲ, 28 ਅਕਤੂਬਰ (ਨਿਊਜ਼ ਪੰਜਾਬ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਕਾਸ ਕਾਰਜਾਂ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਅੱਜ ਸਥਾਨਕ ਕਸਬੇ ਅੰਦਰ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਆਲ ਇੰਡੀਆ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸਬਾ ਲੌਂਗੋਵਾਲ ਵਿਖੇ 19 ਕਿਸਮ ਦੇ ਵਿਕਾਸ ਕੰਮਾਂ ਦੇ ਟੈਂਡਰ ਲਗਾਏ ਗਏ ਸਨ, ਜਿਨ੍ਹਾਂ ‘ਤੇ ਲਗਭਗ 2 ਕਰੋੜ 70 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਨ੍ਹਾਂ ‘ਚੋਂ ਅਹਿਮ ਜ਼ਰੂਰੀ ਜੋ 6 ਕੰਮ ਸਨ, ਉਨ੍ਹਾਂ ਦਾ ਉਦਘਾਟਨ ਅੱਜ ਕੀਤਾ ਗਿਆ ਹੈ, ਜਿਨ੍ਹਾਂ ਦਾ ਨਿਰਮਾਣ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਜੋ ਜਲਦੀ ਹੀ ਲੋਕਾਂ ਹਵਾਲੇ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ‘ਚ ਪਾਰਕ ਦੀ ਉਸਾਰੀ, ਕਬਰਸਤਾਨ ਦੀ ਚਾਰਦੀਵਾਰੀ, ਗਲੀਆਂ ‘ਚ ਇੰਟਰਲਾਕ ਟਾਈਲਾਂ ਦੇ ਫ਼ਰਸ਼, ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਸ਼ੈੱਡ ਅਤੇ ਇੰਟਰਲਾਕ ਟਾਈਲਾਂ ਦਾ ਫ਼ਰਸ਼ ਆਦਿ ਸ਼ਾਮਿਲ ਹਨ। ਇਸ ਮੌਕੇ ਹਾਜ਼ਰ ਕਸਬਾ ਵਾਸੀਆਂ ਨੇ ਦਾਮਨ ਥਿੰਦ ਬਾਜਵਾ ਦਾ ਇਨ੍ਹਾਂ ਕੰਮਾਂ ਪ੍ਰਤੀ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਕੰਮਾਂ ਦੇ ਹੋਣ ਨਾਲ ਸਾਨੂੰ ਹਰ ਰੋਜ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ।