2016 ਤੋਂ ਬਾਅਦ ਭਰਤੀ ਹੋਏ 133 ਪੁਲਿਸ ਮੁਲਾਜ਼ਮਾਂ ਦੇ ਥਾਣਿਆਂ ‘ਚ ਕੀਤੇ ਤਬਾਦਲੇ

-ਥਾਣਿਆਂ ਦੇ ਕੰਮ ਸਬੰਧੀ ਜਾਣਕਾਰੀ ਦੇਣ ਲਈ ਕੀਤੇ ਗਏ ਤਬਾਦਲੇ : ਐਸ.ਐਸ.ਪੀ. ਦੁੱਗਲ
ਪਟਿਆਲਾ, 28 ਅਕਤੂਬਰ (ਨਿਊਜ਼ ਪੰਜਾਬ)-ਸਾਲ 2016 ਤੋਂ ਬਾਅਦ ਪੰਜਾਬ ਪੁਲਿਸ ‘ਚ ਭਰਤੀ ਹੋਏ ਪ੍ਰੋਬੇਸ਼ਨਰ ਥਾਣੇਦਾਰ ਅਤੇ ਸਿਪਾਹੀ ਜੋ ਹਾਲੇ ਤੱਕ ਤਿੰਨ ਸਾਲ ਲਈ ਥਾਣਿਆਂ ‘ਚ ਤਾਇਨਾਤ ਨਹੀਂ ਹੋਏ ਸਨ, ਅੱਜ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਅਜਿਹੇ 133 ਮੁਲਾਜ਼ਮਾਂ ਦੇ ਤਬਾਦਲੇ ਕਰਕੇ ਉਨ੍ਹਾਂ ਨੂੰ ਥਾਣਿਆਂ ‘ਚ ਤਾਇਨਾਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਾਲ 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਥਾਣਿਆਂ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਤਿੰਨ ਸਾਲ ਥਾਣਿਆਂ ‘ਚ ਤਾਇਨਾਤ ਕਰਨ ਦੇ ਹੁਕਮਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਅਜਿਹੇ 133 ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਆਪਣਾ ਥਾਣਿਆਂ ‘ਚ ਤਿੰਨ ਸਾਲ ਦਾ ਸਮਾਂ ਪੂਰਾ ਨਹੀਂ ਕੀਤਾ ਹੈ, ਉਨ੍ਹਾਂ ਦੇ ਤਬਾਦਲੇ ਥਾਣਿਆਂ ‘ਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚ 4 ਥਾਣੇਦਾਰ ਅਤੇ 129 ਸਿਪਾਹੀ ਸ਼ਾਮਲ ਹਨ ਜਿਨ੍ਹਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ‘ਚ ਤਾਇਨਾਤ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਨਾਲ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਲਿਸ ਦੇ ਕੰਮਕਾਜ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਨਾਲ ਹੀ ਕੰਮ ਵਿਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਜਿਥੇ ਕਰੋਨਾ ਮਹਾਂਮਾਰੀ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਦਿਨ ਰਾਤ ਨਿਭਾ ਰਹੀ ਹੈ, ਉਥੇ ਹੀ ਪਟਿਆਲਾ ਜ਼ਿਲ੍ਹੇ ਨੂੰ ਕਰਾਇਮ ਮੁਕਤ ਰੱਖਣ ਲਈ ਵੀ ਯਤਨਸ਼ੀਲ ਹੈ।