ਡੇਂਗੂ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਨੇ ਚਾਲੂ ਕੀਤੀ ‘ਡੇਂਗੂ ਫਰੀ ਪੰਜਾਬ’ ਐਪ
– ਫੈਲਣ ਦੇ ਕਾਰਣ, ਲੱਛਣ ਅਤੇ ਇਲਾਜ ਸਬੰਧੀ ਲਈ ਜਾ ਸਕਦੀ ਪੂਰੀ ਜਾਣਕਾਰੀ
ਮੋਗਾ, 27 ਅਕਤੂਬਰ (ਡਾ: ਸਵਰਨਜੀਤ ਸਿੰਘ)-ਸੂਬੇ ਵਿੱਚ ਡੇਂਗੂ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ‘ਡੇਂਗੂ ਫਰੀ ਪੰਜਾਬ’ ਐਪ ਸ਼ੁਰੂ ਕੀਤੀ ਗਈ ਹੈ, ਜੋ ਕਿ ਡੇਂਗੂ ਬਾਰੇ ਹਰ ਤਰਾਂ ਦੀ ਜਾਣਕਾਰੀ ਅਤੇ ਬਚਾਅ ਦਾ ਬਹੁਤ ਵਧੀਆ ਸੋਮਾ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਫੈਲਣ ਤੋਂ ਰੋਕਣ ਲਈ ਚਲਾਈ ਗਈ ਮੁਹਿੰਮ ਨੂੰ ਇਸ ਐਪ ਨਾਲ ਬਹੁਤ ਸਹਿਯੋਗ ਮਿਲੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਐਪਲੀਕੇਸ਼ਨ ਗੂਗਲ ਪਲੇਅ ਸਟੋਰ ਤੋ ਆਸਾਨੀ ਨਾਲ ਮੁਫਤ ਡਾਊਨਲੋਡ ਕੀਤੀ ਜਾ ਸਕਦੀ ਹੈ। ਇਹ ਐਪ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਭਾਸ਼ਾਵਾਂ ਵਿੱਚ ਉਪਲੱਬਧ ਹੈ। ਇਸ ਐਪ ਉਪਰ ਡੇਂਗੂ ਬਾਰੇ ਹਰ ਤਰਾਂ ਦੀ ਜਾਣਕਾਰੀ ਦਰਜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਐਪ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਡੇਂਗੂ ਹੋ ਗਿਆ ਹੈ ਤਾਂ ਉਸ ਨੂੰ ਕੀ ਕਰਨਾ ਜਾਂ ਨਹੀਂ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਏਡੀਜ਼ ਮੱਛਰ ਦੀਆਂ ਕਿਸਮਾਂ, ਕਾਲ ਚੱਕਰ, ਬਰੀਡਿੰਗ ਦੀਆਂ ਥਾਵਾਂ, ਇਸ ਮੱਛਰ ਦੀ ਰੋਕਥਾਮ, ਲੱਛਣ ਆਦਿ ਬਾਰੇ ਬੜੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਡੇਂਗੂ ਦੇ ਲੱਛਣ ਲੱਗਦੇ ਹਨ, ਤਾਂ ਇਸ ਐਪ ਉੱਪਰ ਉਸਦੇ ਨੇੜਲੇ ਟੈਸਟਿੰਗ ਕੇਂਦਰਾਂ ਅਤੇ ਇਲਾਜ਼ ਕੇਂਦਰਾਂ ਦੀ ਪੂਰੀ ਸੂਚੀ ਦਰਸਾਈ ਗਈ ਹੈ। ਇਸ ਲਈ ਵਿਅਕਤੀ ਨੂੰ ਐਪ ਡਾਊਨ ਲੋਡ ਕਰਨ ਵੇਲੇ ਸਿਰਫ਼ ਆਪਣੀ ਜਾਣਕਾਰੀ ਦਰਜ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਡੇਂਗੂ ਨਾਲ ਸੰਬੰਧਤ ਕਿਸੇ ਵੀ ਤਰਾਂ ਦੀ ਵਿਸਥਾਰਤ ਜਾਣਕਾਰੀ ਲੈਣ ਲਈ ਵਿਅਕਤੀ ਇਸ ਐਪ ਰਾਹੀਂ ਸਿੱਧਾ ਹੈੱਲਪਲਾਈਨ ਨੰਬਰਾਂ ਉੱਤੇ ਵੀ ਸੰਪਰਕ ਕਰ ਸਕਦਾ ਹੈ। ਇਸ ਐਪ ਰਾਹੀਂ ਹੈੱਲਪਲਾਈਨ ਨੰਬਰ 104 ਅਤੇ 108 ਦਾ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਚੰਡੀਗੜ ਸਥਿਤ ਅਧਿਕਾਰੀਆਂ ਨਾਲ ਰਾਬਤਾ ਕਰਨ ਲਈ ਵਿਭਾਗ ਦਾ ਐੱਡਰੈੱਸ, ਵੈੱਬਸਾਈਟ ਅਤੇ ਈਮੇਲ ਪਤਾ ਵੀ ਦਰਜ ਕੀਤਾ ਗਿਆ ਹੈ। ਸ੍ਰੀ ਹੰਸ ਨੇ ਦੱਸਿਆ ਕਿ ਡੇਗੂ ਵਿਰੁੱਧ ਛੇੜੀ ਜੰਗ ਵਿੱਚ ਸਿਹਤ ਵਿਭਾਗ ਦਾ ਸਾਨੂੰ ਸਾਰਿਆਂ ਨੂੰ ਰਲ ਕੇ ਸਾਥ ਦੇਣਾ ਚਾਹੀਦਾ ਹੈ। ਉਨਾਂ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਤੋਂ ਖੁਦ ਬਚਣ ਅਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਇਸ ਦਾ ਭਰਪੂਰ ਲਾਭ ਲੈਣ। ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਸ਼ਨ ਫਤਹਿ ਅਤੇ ਤੰਦਰੁਸਤ ਪੰਜਾਬ ਵਿੱਚ ਆਪਣਾ ਵੱਡਮੁੱਲਾ ਹਿੱਸਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਹਫ਼ਤੇ ਦੇ ਦਿਨ ਫ੍ਰਾਈਡੇ ਨੂੰ ਡ੍ਰਾਈ ਡੇ ਵਜੋਂ ਮਨਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਕਰੋਨਾ ਅਤੇ ਡੇਗੂ ਦੀ ਚਪੇਟ ਵਿੱਚ ਆਉਣ ਤੋਂ ਬਚ ਸਕੇ। ਉਨਾਂ ਕਿਹਾ ਕਿ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।