ਹੋਰਾਂ ਕਿਸਾਨਾਂ ਲਈ ਮਿਸਾਲ ਬਣਿਆ ਬਹੁਭਾਂਤੀ ਖੇਤੀ ਕਰਨ ਵਾਲਾ ਕਿਸਾਨ ਗੁਰਚਰਨ ਸਿੰਘ ਪਿੰਡ ਸਿੰਘਾਂ ਵਾਲਾ

ਪਿਛਲੇ 10 ਸਾਲਾਂ ਤੋਂ ਮੂੰਗੀ, ਮੱਕੀ, ਆਲੂ, ਝੋਨਾ, ਛੋਲੇ, ਸਰੋਂ, ਆਦਿ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਉਗਾ ਰਿਹੈ
– ਕਿਸਾਨ ਵੱਲੋਂ ਪਿਛਲੇ 4 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾਇਆ ਜਾ ਰਿਹੈ
ਮੋਗਾ, 26 ਅਕਤੂਬਰ (ਡਾ: ਸਵਰਨਜੀਤ ਸਿੰਘ) – ਜਿਵੇਂ ਅਜੋਕੇ ਸਮੇਂ ਦੋਰਾਨ ਪੰਜਾਬ ਦੇ ਜ਼ਿਆਦਾਤਰ ਕਿਸਾਨ ਕਣਕ-ਝੋਨੇ ਦੀ ਖੇਤੀ ਹੀ ਕਰ ਰਹੇ ਹਨ। ਇਸ ਨਾਲ ਜਿੱਥੇ ਉਹਨਾਂ ਦਾ ਖੇਤੀ ਵਿਚੋਂ ਮੁਨਾਫ਼ਾ ਘਟ ਰਿਹਾ ਹੈ ਉਥੇ ਹੀ ਇਕੋ ਤਰ੍ਹਾਂ ਦੀਆਂ ਫ਼ਸਲਾਂ ਬੀਜਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਹੁੰਦਾ ਹੈ। ਪਰ ਅਜਿਹੇ ਕਿਸਾਨਾਂ ਲਈ ਕਈ ਕਿਸਾਨ ਮਿਸਾਲ ਵੀ ਬਣ ਰਹੇ ਹਨ। ਪਿੰਡ ਸਿੰਘਾਂ ਵਾਲਾ ਦਾ ਕਿਸਾਨ ਗੁਰਚਰਨ ਸਿੰਘ ਸਪੁੱਤਰ ਤਾਰਾ ਸਿੰਘ ਵੀ ਇਕ ਅਜਿਹਾ ਹੀ ਕਿਸਾਨ ਹੈ, ਜੋ ਬਹੁਭਾਂਤੀ ਖੇਤੀ ਕਰ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਦਾ ਕੰਮ ਕਰ ਰਿਹਾ ਹੈ। ਇਹ ਕਿਸਾਨ ਪਿਛਲੇ 10 ਸਾਲਾਂ ਤੋਂ ਆਪਣੇ ਖੇਤੀ ਵਿੱਚ ਮੂੰਗੀ, ਮੱਕੀ, ਆਲੂ, ਝੋਨਾ, ਛੋਲੇ, ਸਰੋਂ, ਆਦਿ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਉਗਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਆਤਮਾ ਸਕੀਮ ਜਿਲ੍ਹਾ ਮੋਗਾ ਦੀ ਟੀਮ ਨਾਲ ਵਾਰਤਾਲਾਪ ਦੌਰਾਨ ਇਸ ਕਿਸਾਨ ਦਾ ਕਹਿਣਾ ਸੀ ਕਿ ਬਹੁਭਾਂਤੀ ਖੇਤੀ ਕਰਨ ਨਾਲ ਜਿਥੇ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਘੱਟ ਹੁੰਦੀ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਅਥਾਹ ਵਾਧਾ ਹੁੰਦਾ ਹੈ ਅਤੇ ਜਿਆਦਾ ਮੁਨਾਫਾ ਵੀ ਕਮਾਇਆ ਜਾ ਸਕਦਾ ਹੈ। ਇਸ ਅਗਾਂਹਵਧੂ ਕਿਸਾਨ ਵੱਲੋਂ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਸਕੀਮ, ਜਿਲ੍ਹਾ ਮੋਗਾ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਵਿਭਾਗ ਵੱਲੋਂ ਸਮੇ-ਸਮੇਂ ਤੇ ਕੀਤੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਾਂਦਾ ਹੈ। ਇਸ ਕਿਸਾਨ ਵੱਲੋਂ ਪਿਛਲੇ 4 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾਇਆ ਜਾ ਰਿਹਾ ਹੈ। ਗੁਰਚਰਨ ਸਿੰਘ ਵਲੋਂ ਬਾਕੀ ਕਿਸਾਨਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਉਹ ਕਣਕ-ਝੋਨੇ ਦੀ ਖੇਤੀ ਨੂੰ ਛੱਡ ਕੇ ਬਹੁਭਾਂਤੀ ਖੇਤੀ ਕਰਨ ਤਾਂ ਜੋ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਖੁਸ਼ਹਾਲ  ਬਣਾਇਆ ਜਾ ਸਕੇ। ਉਸਦਾ ਕਹਿਣਾ ਹੈ ਕਿ ਅੱਜ ਸਮੇਂ ਦੀ ਲੋੜ ਹੈ ਕਿ ਕਿਸਾਨ ਇਸ ਰਵਾਇਤੀ ਫਸਲ ਚੱਕਰ ਵਿਚੋਂ ਨਿਕਲ ਕੇ ਬਾਹਰ ਆਉਣ। ਉਸਨੇ ਕਿਹਾ ਕਿ ਕਿਸਾਨਾਂ ਨੂੰ ਇੱਕ ਵਾਰ ਫਸਲੀ ਵਿਭਿੰਨਤਾ ਵੱਲ ਜਰੂਰ ਚੱਲਣਾ ਚਾਹੀਦਾ ਹੈ। ਸ਼ੁਰੂਆਤ ਵਿੱਚ ਮਨ ਲਗਾ ਕੇ ਕੀਤੀ ਮਿਹਨਤ ਉਪਰੰਤ ਇਸਦਾ ਫ਼ਲ੍ਹ ਬਹੁਤ ਵਧੀਆ ਮਿਲਦਾ ਹੈ। ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਨੇ ਕਿਸਾਨ ਗੁਰਚਰਨ ਸਿੰਘ ਦੀ ਸਰਾਹਨਾ ਕਰਦਿਆਂ ਕਿਹਾ ਕਿ ਹੋਰਾਂ ਕਿਸਾਨਾਂ ਨੂੰ ਵੀ ਇਸ ਕਿਸਾਨ ਤੋਂ ਸੇਧ ਲੈ ਕੇ ਫਸਲੀ ਵਿਭਿੰਨਤਾ ਵੱਲ ਤੁਰਨਾ ਚਾਹੀਦਾ ਹੈ। ਉਹ ਵੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸਨੂੰ ਖੇਤ ਵਿਚ ਹੀ ਵਾਹੁਣ ਨੂੰ ਤਰਜ਼ੀਹ ਦੇਣ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਬਣਾਉਣ ਲਈ ਸਹਿਯੋਗ ਕਰਨ।