ਮਾਸ ਮੀਡੀਆ ਟੀਮਾਂ ਨੇ ਦੁਸ਼ਹਿਰਾ ਕਮੇਟੀਆਂ ਨੂੰ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਕਰਵਾਇਆ ਜਾਣੂੰ
-ਤਿਉਹਾਰਾਂ ਦੌਰਾਨ ਲੋਕ ਆਪਣੇ ਘਰ ਰਹਿਣ ਅਤੇ ਸੁਰੱਖਿਅਤ ਰਹਿਣ – ਸਿਵਲ ਸਰਜਨ ਲੁਧਿਆਣਾ
-ਸ਼੍ਰੀ ਰਾਮ ਲੀਲਾ ਕਮੇਟੀ ਦਰੇਸੀ ਵੱਲੋਂ ਸਥਾਨਕ ਟੈਲੀਵਿਜ਼ਨ ਚੈਨਲ ‘ਤੇ ਰਾਵਣ ਦਹਨ ਦਾ ਹੋਵੇਗਾ ਸਿੱਧਾ ਪ੍ਰਸਾਰਣ
ਲੁਧਿਆਣਾ, 23 ਅਕਤੂਬਰ (ਰਜਿੰਦਰ ਸਿੰਘ ਸਰਹਾਲੀ) – ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀਆਂ ਮਾਸ ਮੀਡੀਆ ਟੀਮਾਂ ਨੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਬਾਰੇ ਸ਼ਹਿਰ ਦੀਆਂ ਦੁਸ਼ਹਿਰਾ ਕਮੇਟੀਆਂ ਤੱਕ ਪਹੁੰਚ ਕੀਤੀ। ਉਨ੍ਹਾਂ ਸਾਰੀਆਂ ਕਮੇਟੀਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਲਈ ਕਿਹਾ। ਮਾਸ ਮੀਡੀਆਂ ਟੀਮਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਕਿ ਸਿਹਤ ਮੰਤਰਾਲੇ ਵੱਲੋਂ ਉਨ੍ਹਾਂ ਇਲਾਕਿਆਂ ਵਿਚ ਤਿਉਹਾਰਾਂ ਦੇ ਸਮਾਗਮਾਂ ‘ਤੇ ਸਖ਼ਤੀ ਨਾਲ ਪਾਬੰਦੀ ਲਗਾਈ ਹੈ, ਜੋ ਕੰਟੇਨਮੈਂਟ ਜ਼ੋਨ ਵਿਚ ਆਉਂਦੇ ਹਨ। ਉਨ੍ਹਾਂ ਅਜਿਹੇ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਤਿਉਹਾਰ ਮਨਾਉਣ ਅਤੇ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਮਾਸਕ ਪਹਿਨਣ ਅਤੇ 6 ਫੁੱਟ ਦੀ ਦੂਰੀ ਨੂੰ ਕਾਇਮ ਰੱਖਣਾ ਹਰ ਸਮੇਂ ਲਾਜ਼ਮੀ ਹੈ ਤਾਂ ਜੋ ਬਿਮਾਰੀ ਦੇ ਸੰਕਰਮਣ ਦੀਆਂ ਸੰਭਾਵਨਾਵਾਂ ਨੂੰ ਰੋਕਿਆ ਜਾ ਸਕੇ, ਪ੍ਰਬੰਧਕਾਂ ਵੱਲੋਂ ਇੱਕ ਵਿਸਥਾਰ ਵਾਲੀ ਸਾਈਟ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਥਰਮਲ ਸਕ੍ਰੀਨਿੰਗ, 6- ਫੁੱਟ ਸਰੀਰਕ ਦੂਰੀ, ਸੈਨੀਟਾਈਜ਼ੇਸ਼ਨ ਆਦਿ ਦੀ ਪਾਲਣਾ ਹੋ ਸਕੇ। ਟੀਮਾਂ ਵੱਲੋਂ ਦੱਸਿਆ ਗਿਆ ਕਿ ਜਲੂਸਾਂ ਅਤੇ ਰੈਲੀਆਂ ਵਿਚ, ਭੀੜ ਦੀ ਆਗਿਆ ਦਿੱਤੀ ਗਿਣਤੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਮਾਸਕ ਪਹਿਨਣਾ ਅਤੇ ਸਮਾਜਕ ਦੂਰੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਟੀਮਾਂ ਵੱਲੋਂ ਪ੍ਰਦਰਸ਼ਨੀਆਂ, ਮੇਲੇ, ਪੂਜਾ ਪੰਡਾਲ, ਰਾਮਲੀਲਾ ਪੰਡਾਲ ਜਾਂ ਸਮਾਰੋਹ ਅਤੇ ਨਾਟਕ ਜੋ ਕਈ ਦਿਨਾਂ ਤੱਕ ਚਲਦੇ ਹਨ, ਲੋਕਾਂ ਦੀ ਸੰਖਿਆ ਅਤੇ ਵੱਖ-ਵੱਖ ਸਮੇਂ ‘ਤੇ ਪ੍ਰਵੇਸ਼ ਵੱਲ ਧਿਆਨ ਦੇਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੁਆਰਾ ਖੰਘਣ ਜਾਂ ਛਿੱਕਣ ਦੇ ਸਲੀਕੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਥੁੱਕਣ ਦੀ ਸਖਤ ਮਨਾਹੀ ਹੈ। ਟੀਮਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਸਿਹਤ ਦੀ ਸਵੈ-ਨਿਗਰਾਨੀ ਕਰਨਾ ਅਤੇ ਬਿਮਾਰੀ ਦੇ ਲੱਛਣ ਹੋਣ ਤੇ ਛੇਤੀ ਤੋਂ ਛੇਤੀ ਰਾਜ ਅਤੇ ਜ਼ਿਲ੍ਹਾ ਹੈਲਪਲਾਈਨ ਨੂੰ ਰਿਪੋਰਟ ਕਰਨਾ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚਿਹਰੇ ਦੇ ਕਵਰ/ਮਾਸਕ, ਹੱਥ ਸੈਨੀਟਾਈਜ਼ਰਜ਼, ਸਾਬਣ, ਸੋਡੀਅਮ ਹਾਈਪੋਕਲੋਰਾਈਟ ਦਾ ਘੋਲ਼ ਅਕਸਰ ਛੂਹਣ ਵਾਲੀਆਂ ਸਤਹਾਂ ਨੂੰ ਰੋਗਾਣੂ-ਮੁਕਤ ਕਰਨ ਆਦਿ ਲਈ ਪ੍ਰੋਗਰਾਮ ਪ੍ਰਬੰਧਕਾਂ/ਕਾਰੋਬਾਰੀ ਮਾਲਕਾਂ ਦੁਆਰਾ ਉਨ੍ਹਾਂ ਦੇ ਕਰਮਚਾਰੀਆਂ ਨੂੰ ਜ਼ਰੂਰਤਾਂ ਅਨੁਸਾਰ ਉਪਲੱਬਧ ਕਰਵਾਏ ਜਾਣੇ ਲਾਜ਼ਮੀ ਹਨ। ਉਨ੍ਹਾਂ ਦੱਸਿਆ ਕਿ ਤਰਜੀਹੀ ਤੌਰ ‘ਤੇ ਮਲਟੀਪਲ ਅਤੇ ਵੱਖਰੀਆਂ ਐਂਟਰੀਆਂ ਅਤੇ ਬਾਹਰ ਆਉਣ ਨੂੰ ਯਕੀਨੀ ਬਣਾਇਆ ਜਾਵੇ, ਐਂਟਰੀ ਪੁਆਇੰਟਸ ਵਿੱਚ ਲਾਜ਼ਮੀ ਹੱਥਾਂ ਦੀ ਸਫਾਈ ਅਤੇ ਥਰਮਲ ਸਕ੍ਰੀਨਿੰਗ ਦੇ ਪ੍ਰਬੰਧ ਹੋਣੇ ਚਾਹੀਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੰਪਰਕ ਰਹਿਤ ਭੁਗਤਾਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਰੋਕਥਾਮ ਉਪਾਵਾਂ ਬਾਰੇ ਪੋਸਟਰ/ਸਟੈਂਡ/ਮੀਡੀਆ ਨੂੰ ਈਵੈਂਟ ਸਾਈਟਾਂ ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਤ ਕੀਤਾ ਜਾਵੇ, ਜਿੱਥੋਂ ਤੱਕ ਸੰਭਵ ਹੋ ਸਕੇ ਰਿਕਾਰਡ ਕੀਤੇ ਭਗਤੀ ਸੰਗੀਤ/ਗਾਣੇ ਵਜਾਏ ਜਾ ਸਕਦੇ ਹਨ ਅਤੇ ਧਾਰਮਿਕ ਸਥਾਨਾਂ ‘ਤੇ ਗਾਉਣ ਵਾਲੇ ਜਾਂ ਗਾਉਣ ਵਾਲੇ ਸਮੂਹਾਂ ਨੂੰ ਆਗਿਆ ਨਾ ਦਿੱਤੀ ਜਾਵੇ। ਜੇ ਲੋੜ ਹੋਵੇ ਤਾਂ ਪੀਣ ਵਾਲੇ ਸਾਫ ਪਾਣੀ ਲਈ ਪ੍ਰਬੰਧ ਕੀਤੇ ਜਾਣ, (ਤਰਜੀਹੀ ਤੌਰ ‘ਤੇ ਡਿਸਪੋਸੇਬਲ ਕੱਪ/ ਗਲਾਸ ਦੀ ਵਿਵਸਥਾ ਦੇ ਨਾਲ), ਏਅਰਕੰਡੀਸ਼ਨਿੰਗ/ਹਵਾਦਾਰੀ ਲਈ, ਸਾਰੇ ਏਅਰਕੰਡੀਸ਼ਨਿੰਗ ਉਪਕਰਣਾਂ ਦੀ ਤਾਪਮਾਨ ਸੈਟਿੰਗ 24-30 ਸੈਲਸੀਅਸ ਦੇ ਅੰਦਰ ਹੋਵੇ। ਬਲਾਕ ਐਜੂਕੇਟਰ ਸ੍ਰੀ ਜਗਜੀਵਨ ਸ਼ਰਮਾ ਵੱਲੋਂ ਚੱਲ ਰਹੀ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਇਸ ਬਿਮਾਰੀ ਦੇ ਫੈਲਣ ਨੂੰ ਨਿਯੰਤਰਿਤ ਕਰਨ ਵਿੱਚ ਸਫਲ ਰਿਹਾ ਹੈ ਪਰ ਲੋਕਾਂ ਨੂੰ ਅਜੇ ਵੀ ਕੋਵਿਡ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਦੋਂ ਤੱਕ ਕਿ ਇਸ ਬਿਮਾਰੀ ਲਈ ਵੈਕਸੀਨ ਉਪਲਬਧ ਨਾ ਹੋ ਜਾਵੇ। ਇਸ ਤਿਉਹਾਰ ਦੇ ਮੌਸਮ ਵਿਚ, ਮਿਸ਼ਨ ਫਤਿਹ ਅਧੀਨ ਮਾਸ ਮੀਡੀਆ ਟੀਮਾਂ ਦੇ ਮੈਂਬਰ ਅੱਜ ਪ੍ਰਤਾਪ ਚੌਕ ਅਤੇ ਦਰੇਸੀ ਗਰਾਉਂਡ ਦੀਆਂ ਦੁਸਹਿਰਾ ਕਮੇਟੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸਰਕਾਰ ਦੀਆਂ ਕੋਵਿਡ ਦਿਸ਼ਾ ਨਿਰਦੇਸ਼ਾਂ ਬਾਰੇ ਵਿਸਥਾਰ ਵਿਚ ਜਾਣੂ ਕਰਵਾਇਆ। ਹੁਣ ਇਹ ਟੀਮਾਂ ਸ਼ਹਿਰ ਦੀਆਂ ਹੋਰ ਦੁਸਹਿਰਾ ਕਮੇਟੀਆਂ ਨਾਲ ਵੀ ਸੰਪਰਕ ਕਰਨਗੀਆਂ। ਸ਼੍ਰੀ ਰਾਮ ਲੀਲਾ ਕਮੇਟੀ, ਦਰੇਸੀ ਦੇ ਮੈਂਬਰ ਦਿਨੇਸ਼ ਮਰਵਾਹਾ ਨੇ ਸਿਹਤ ਵਿਭਾਗ ਦੀ ਟੀਮ ਨੂੰ ਸਾਰੇ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ‘ਤੇ ਉਨ੍ਹਾਂ ਦੇ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਨੇ ਸਥਾਨਕ ਟੈਲੀਵਿਜ਼ਨ ਚੈਨਲ ‘ਤੇ ਰਾਵਣ ਦਹਨ ਦਾ ਸਿੱਧਾ ਪ੍ਰਸਾਰਣ ਦਾ ਪ੍ਰਬੰਧ ਵੀ ਕੀਤਾ ਹੈ । ਅਖੀਰ ਵਿੱਚ ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਇਨ੍ਹਾਂ ਤਿਉਹਾਰਾਂ ਦੌਰਾਨ ਆਪਣੇ ਘਰ ਰਹਿ ਕੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਕੇ ਸੁਰੱਖਿਅਤ ਰਹਿਣ, ਕਿਉਂਕਿ ਸਰਕਾਰ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਕਦਮ ਉਠਾ ਰਹੀ ਹੈ।