ਦੀਵਾਲੀ ਤੋਂ ਪਹਿਲਾਂ ਵਸਨੀਕਾਂ ਨੂੰ ਨਵੀਂ ਦਿਖ ਵਿੱਚ ਸਮਰਪਿਤ ਕੀਤੀ ਜਾਵੇਗੀ ਸਰਾਭਾ ਨਗਰ ਮਾਰਕੀਟ – ਭਾਰਤ ਭੂਸ਼ਣ ਆਸ਼ੂ
ਲੁਧਿਆਣਾ, 23 ਅਕਤੂਬਰ (ਰਜਿੰਦਰ ਸਿੰਘ ਸਰਹਾਲੀ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ ਸਰਾਭਾ ਨਗਰ ਦੀ ਪ੍ਰਸਿੱਧ ਮਾਰਕੀਟ ਦੀਵਾਲੀ ਤੋਂ ਪਹਿਲਾਂ ਵਸਨੀਕਾਂ ਲਈ ਸਮਰਪਿਤ ਕੀਤੀ ਜਾਵੇਗੀ। ਸ੍ਰੀ ਆਸ਼ੂ ਵੱਲੋਂ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ ਮਾਰਕੀਟ ਦਾ ਦੌਰਾ ਕਰਦਿਆਂ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਰਾਭਾ ਨਗਰ ਮਾਰਕੀਟ ਵਿੱਚ ਹੁਣ ਵਧੀਆ ਲੈਂਡਸਕੇਪਿੰਗ, ਪਾਰਕਿੰਗ, ਅੰਡਰਗ੍ਰਾਊਂਡ ਤਾਰਾਂ, ਅੱਗ ਬੁਝਾਊ ਯੰਤਰ, ਇੱਕ ਸੁੰਦਰ ਫੁਆਰਾ ਆਦਿ ਸੁਵਿਧਾਵਾਂ ਸ਼ਾਮਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਰਕਿੰਗ ਦੀ ਮੌਜੂਦਾ ਸਮਰੱਥਾ ਨਾਲੋਂ ਵਧਾ ਦਿੱਤਾ ਗਿਆ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਵਸਨੀਕ ਰੋਜ਼ਾਨਾ ਇਸ ਮਾਰਕੀਟ ਦਾ ਦੌਰਾ ਕਰਦੇ ਹਨ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਭਰੋਸਾ ਦਿੱਤਾ ਕਿ ਇਹ ਮਾਰਕੀਟ ਰਾਜ ਦੇ ਸਰਬੋਤਮ ਬਾਜ਼ਾਰਾਂ ਵਿੱਚੋਂ ਇੱਕ ਹੋਵੇਗੀ। ਬਾਅਦ ਵਿੱਚ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਸ੍ਰੀ ਬਲਜਿੰਦਰ ਸਿੰਘ ਬੰਟੀ ਦੇ ਨਾਲ ਉਨ੍ਹਾਂ ਸ਼ਹਿਰ ਦੇ ਮਾਡਲ ਗ੍ਰਾਮ ਖੇਤਰ ਵਿੱਚ ਉਸਾਰੀ ਅਧੀਨ ਸੜ੍ਹਕ ਦਾ ਵੀ ਦੌਰਾ ਕੀਤਾ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਠੇਕੇਦਾਰ ਘਟੀਆ ਮਿਆਰ ਦੀ ਸੜ੍ਹਕ ਬਣਾ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਸੜ੍ਹਕ ਨੂੰ ਪੁੱਟਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਕਿ ਉਹ ਲੋਕਾਂ ਦੇ ਪੈਸੇ ਨਾਲ ਹੀ ਘਟੀਆ ਕਿਸਮ ਦਾ ਨਿਰਮਾਣ ਕਰਾਵੇ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜੋ ਵੀ ਨਗਰ ਨਿਗਮ ਦੇ ਅਧਿਕਾਰੀ ਇਸ ਸੜ੍ਹਕ ਦੇ ਨਿਰਮਾਣ ਦੀ ਦੇਖ-ਰੇਖ ਕਰ ਰਹੇ ਸਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਸਨੀਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।