ਗੁਰੂਹਰਸਹਾਏ ‘ਚ ਕਿਸਾਨਾਂ ਨੇ ਅੰਬਾਨੀ-ਅਡਾਨੀ ਸਮੇਤ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕ ਕੇ ਕੀਤਾ ਪ੍ਰਦਰਸ਼ਨ
ਗੁਰੂਹਰਸਹਾਏ, 23 ਅਕਤੂਬਰ (ਨਿਊਜ਼ ਪੰਜਾਬ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੀ ਲੜੀ ਤਹਿਤ ਕਿਸਾਨ ਸੰਘਰਸ਼ ਕਮੇਟੀ ਵਲੋਂ ਪੁਤਲੇ ਫੂਕਣੇ ਨਿਰੰਤਰ ਜਾਰੀ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਦੇ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰੂਹਰਸਹਾਏ ਵਿਖੇ ਕਿਸਾਨਾਂ ਅਤੇ ਔਰਤਾਂ ਵਲੋਂ ਅੰਬਾਨੀ, ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿਰੁੱਧ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਕਾਨੂੰਨ ਲਿਆਂਦੇ ਹਨ, ਉਹ ਸਮੁੱਚੇ ਪੰਜਾਬ ਦੇ ਲੋਕਾਂ ਲਈ ਘਾਤਕ ਹਨ।