ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬਾਲਾਂ ਦੀ ਅਧਿਆਪਕ-ਮਾਪੇ ਮਿਲਣੀ ਨੂੰ ਮਿਲਿਆ ਚੰਗਾ ਹੁੰਗਾਰਾ
ਅਧਿਆਪਕਾਂ ਤੇ ਮਾਤਾ-ਪਿਤਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਤਸ਼ਾਹ
ਪਟਿਆਲਾ, 22 ਅਕਤੂਬਰ (ਨਿਊਜ਼ ਪੰਜਾਬ)-ਸਕੂਲ ਸਿੱਖਿਆ ਵਿਭਾਗ ਵੱਲੋਂ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ 22,924 ਨੰਨੇ-ਮੁੰਨੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਕਰਵਾਈ ਜਾਣ ਵਾਲੀ ਦੋ ਦਿਨਾਂ ਮਾਪੇ-ਅਧਿਆਪਕ ਮਿਲਣੀ ਤਹਿਤ ਅੱਜ ਪ੍ਰੀ-ਪ੍ਰਾਇਮਰੀ-1 ਜਮਾਤ ਦੀ ਮਾਪੇ-ਅਧਿਆਪਕ ਮਿਲਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਦੀ ਅਗਵਾਈ ‘ਚ ਨੇਪਰੇ ਚੜ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਭਰ ‘ਚ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਪ੍ਰਗਤੀ ਦੇ ਮੁਲਾਂਕਣ ਸਬੰਧੀ ਅਧਿਆਪਕਾਂ ਨਾਲ ਆਨਲਾਈਨ ਤੇ ਨਿੱਜੀ ਰੂਪ ‘ਚ ਤਾਲਮੇਲ ਬਣਾਇਆ।
ਡੀ.ਈ.ਓ. (ਐਲੀ.) ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਮੁਲਾਂਕਣ ਕਰਨ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਵਿੱਚ ਬੱਚਿਆਂ ਨੂੰ ਪੜ੍ਹਾਈ ਖੇਡ ਵਿਧੀ ਨਾਲ ਕਰਵਾਈ ਜਾਂਦੀ ਹੈ ਤਾਂ ਜੋ ਸਿੱਖਣ ਸਿਖਾਉਣ ਦੀ ਪ੍ਰੀਕਿਰਿਆ ਨਾਲ ਬੱਚੇ ਦੀ ਨੀਂਹ ਮਜ਼ਬੂਤ ਹੋ ਸਕੇ। ਜਿਸ ਲਈ ਸਹਾਇਕ ਸਮੱਗਰੀ ਦੇ ਰੂਪ ਵਿੱਚ ਪ੍ਰੀ-ਪ੍ਰਾਇਮਰੀ-1 ਲਈ ਲਰਨਿੰਗ ਲੈਵਲ, ਪ੍ਰੀ-ਪ੍ਰਾਇਮਰੀ-2 ਲਈ ਬਰੇਨ ਬੂਸਟਰ ਪੁਸਤਕਾਂ ਤੇ ਅਧਿਆਪਕਾਂ ਲਈ ਨੈਤਿਕ ਸਿੱਖਿਆ ਅਧਾਰਿਤ ‘ਸਵਾਗਤ ਜ਼ਿੰਦਗੀ’ ਪੁਸਤਕਾਂ ਸਕੂਲਾਂ ਵਿੱਚ ਪਹੁੰਚ ਚੁੱਕੀਆਂ ਹਨ। ਇੰਜ. ਅਮਰਜੀਤ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੀ ਨੀਂਹ ਮਜ਼ਬੂਤ ਕਰਨ ਲਈ ਸਰੀਰਕ, ਸਮਾਜਿਕ, ਭਾਵਨਾਤਮਕ, ਬੌਧਿਕ, ਭਾਸ਼ਾਈ ਤੇ ਗਣਿਤਕ ਵਿਕਾਸ ਨੂੰ ਮੁੱਖ ਰੱਖਦੇ ਹੋਏ ਕੰਮ ਕਰਵਾਇਆਂ ਜਾਂਦਾ ਹੈ। ਇਸ ਦੇ ਨਾਲ-ਨਾਲ ਕਵਿਤਾਵਾਂ, ਬੱਚੇ ਤੇ ਅਧਿਆਪਕ ਵਿੱਚ ਨਵੀਂ ਸਾਂਝ ਪੈਦਾ ਕਰਦੀਆਂ ਹਨ। ਇਸ ਸਬੰਧੀ ਬੀ.ਪੀ.ਈ.ਓ ਸੁਰਜੀਤ ਸਿੰਘ ਡਾਰੀਆਤੇ ਜ਼ਿਲ੍ਹਾ ਕੋਅਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਾਜਵੰਤ ਸਿੰਘ ਨੇ ਦੰਸਿਆ ਕਿ ਮਿਲਣੀ ਸਬੰਧੀ ਸੈਂਟਰ ਹੈਡ ਟੀਚਰਜ਼, ਹੈੱਡ ਟੀਚਰ ਤੇ ਸਮੂਹ ਅਧਿਆਪਕਾਂ ਨੂੰ ਆਨ-ਲਾਈਨ ਟ੍ਰੇਨਿੰਗ ਦਿੱਤੀ ਗਈ ਹੈ। ਇਸ ਸੰਬੰਧੀ ਸਰਕਾਰੀ ਪ੍ਰਾਇਮਰੀ ਸਕੂਲ ਰੌਣੀ ਦੇ ਮੁੱਖ ਅਧਿਆਪਕ ਨਿਤਿਨ ਵਰਮਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨਾ ਚੰਗੀ ਪਹਿਲ ਹੈ, ਜਿਸ ਨਾਲ ਸਾਕਰਾਤਮਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਮਾਤਾ- ਪਿਤਾ ਦਾ ਵਿਸ਼ਵਾਸ ਵਧਿਆ ਹੈ ਤੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਹਿਲ ਦੇ ਆਧਾਰ ਤੇ ਦਾਖਲ ਕਰਵਾ ਰਹੇ ਹਨ। ਇਸ ਸੰਬੰਧੀ ਮਲਟੀਪਰਪਜ਼ ਸਕੂਲ ਵਿਖੇ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਅਮੀਰ ਤੇ ਸਮੀਰ ਦੇ ਪਿਤਾ ਆਰਿਫ ਅਨਸਾਰੀ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਬੱਚਿਆਂ ਹਿੱਤ ਹਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਟਸਐਪ ਗਰੁੱਪ ਬਣਾਏ ਹਨ ਤੇ ਲਗਾਤਾਰ ਕੰਮ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੁਆਰਾਂ ਭੇਜਿਆ ਕੰਮ ਬੱਚੇ ਬਹੁਤ ਦਿਲਚਸਪੀ ਨਾਲ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਪ੍ਰਤਿਭਾ ਵਿੱਚ ਬਹੁਤ ਨਿਖਾਰ ਆਇਆ ਹੈ।