ਪਟਾਕਿਆਂ ਦੇ ਆਰਜ਼ੀ ਲਾਇਸੰਸ ਹੁਣ ਸੇਵਾ ਕੇਂਦਰਾਂ ਰਾਹੀਂ ਅਪਲਾਈ ਹੋਣਗੇ

ਨਵਾਂਸ਼ਹਿਰ, 22 ਅਕਤੂਬਰ (ਨਿਊਜ਼ ਪੰਜਾਬ)-ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਪਟਾਕਿਆਂ ਦੇ ਆਰਜ਼ੀ ਲਾਇਸੰਸ ਹੁਣ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤੇ ਜਾਣਗੇ। ਇਸ ਲਈ 100 ਰੁਪਏ ਦੀ ਸੁਵਿਧਾ ਫੀਸ ਹੋਵੇਗੀ ਅਤੇ ਜ਼ਿਲੇ ਦਾ ਕੋਈ ਵੀ ਵਿਅਕਤੀ ਅੱਜ ਤੋਂ ਅਪਲਾਈ ਕਰ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਆਰਜ਼ੀ ਲਾਇਸੰਸ ਲੈਣ ਦਾ ਚਾਹਵਾਨ ਵਿਅਕਤੀ ਸੇਵਾ ਕੇਂਦਰ ਵਿਚ ਜਾ ਕੇ ਪਟਾਕਿਆਂ ਦੇ ਆਰਜ਼ੀ ਲਾਇਸੰਸ ਲੈਣ ਲਈ ਅਪਲਾਈ ਕਰ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਇਕ ਫਾਰਮ ਭਰਨਾ ਪਵੇਗਾ, ਜੋ ਕਿ ਵੈੱਬਸਾਈਟ www.punjab.gov.in ’ਤੇ ਉਪਲਬੱਧ ਹੈ। ਇਸ ਤੋਂ ਇਲਾਵਾ ਆਪਣਾ ਕੋਈ ਵੀ ਰਿਹਾਇਸ਼ੀ ਪਤੇ ਦਾ ਸਬੂਤ ਅਤੇ ਸਵੈ-ਘੋਸ਼ਣਾ ਪੱਤਰ ਉਸ ਦੇ ਨਾਲ ਲਗਾਉਣਾ ਹੋਵੇਗਾ। ਉਨਾਂ ਹੋਰ ਦੱਸਿਆ ਕਿ ਸੇਵਾ ਕੇਂਦਰਾਂ ਦਾ ਮੈਨੇਜਰ ਇਹ ਯਕੀਨੀ ਬਣਾਏਗਾ ਕਿ ਪਟਾਕਿਆਂ ਦੇ ਆਰਜ਼ੀ ਲਾਇਸੰਸ ਲੈਣ ਲਈ ਅਪਲਾਈ ਕੀਤੇ ਕੇਸਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਅਧਿਕਾਰਤ ਕੀਤੀ ਬ੍ਰਾਂਚ ਵਿਚ ਜਮਾਂ ਕਰਵਾਇਆ ਜਾਵੇ। ਉਨਾਂ ਦੱਸਿਆ ਕਿ ਪਟਾਕਿਆਂ ਦੇ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ ਨੂੰ 100 ਰੁਪਏ ਸੁਵਿਧਾ ਫੀਸ ਵੀ ਜਮਾਂ ਕਰਵਾਉਣੀ ਪਵੇਗੀ ਅਤੇ ਸਬੰਧਤ ਬ੍ਰਾਂਚ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਦਯੋਗ ਤੇ ਕਮਰਸ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਬਣਦੀ ਫੀਸ ਜਮਾਂ ਕਰਵਾਈ ਜਾਵੇ। ਉਨਾਂ ਦੱਸਿਆ ਕਿ ਆਰਜ਼ੀ ਲਾਇਸੰਸ ਲੈਣ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ ਬਾਅਦ ਵਿਚ ਨਿਰਧਾਰਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵੱਲੋਂ ਪਟਾਕਿਆਂ ਦੇ ਆਰਜ਼ੀ ਲਾਇਸੰਸ ਲੈਣ ਲਈ ਅਪਲਾਈ ਕੀਤੇ ਕੇਸ ਈ-ਸੇਵਾ ਰਾਹੀਂ ਜ਼ਿਲਾ ਪ੍ਰਸ਼ਾਸਨ ਨੂੰ ਭੇਜੇ ਜਾਣਗੇ।