ਸੰਗਰੂਰ ‘ਚ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ. ਸੀ. ਦਫ਼ਤਰ

ਸੰਗਰੂਰ, 21 ਅਕਤੂਬਰ (ਨਿਊਜ਼ ਪੰਜਾਬ)- ਅੱਜ ਰੇਲ ਰੋਕੋ ਅੰਦੋਲਨ ਦੇ 21ਵੇਂ ਦਿਨ ਰੇਲਵੇ ਸਟੇਸ਼ਨ ਸੰਗਰੂਰ ‘ਤੇ ਰੋਸ ਰੈਲੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ। ਇਸ ਤੋਂ ਬਾਅਦ ਬਾਹਰਲੇ ਸੂਬਿਆਂ ਤੋਂ ਧੜਾ-ਧੜ ਆ ਰਹੇ ਝੋਨੇ ‘ਤੇ ਰੋਕ ਨਾ ਲਾਉਣ ਦੇ ਰੋਸ ਵਜੋਂ ਕਿਸਾਨਾਂ ਨੇ ਤਕਰੀਬਨ ਇਕ ਘੰਟਾ ਡੀ. ਸੀ. ਦਫ਼ਤਰ ਦਾ ਘਿਰਾਓ ਕਰਕੇ ਰੱਖਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫ਼ਤਹਿਗੜ੍ਹ ਭਾਦਸੋਂ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਜਰਨੈਲ ਸਿੰਘ ਜਨਾਲ, ਪੰਜਾਬ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ ਆਦਿ ਨੇ ਕਿਹਾ ਕਿ ਅੱਜ ਜਦੋਂ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨਾਂ ਕਾਰਨ ਕਿਸਾਨ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਦੀ ਸਰਕਾਰ ਵਿਧਾਨ ਸਭਾ ‘ਚ ਮਤਾ ਪਾਸ ਕਰਕੇ ਕਿਸਾਨਾਂ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਅੰਦਰ ਅਫ਼ਸਰਸ਼ਾਹੀ, ਸਿਆਸੀ ਲੀਡਰਾਂ ਅਤੇ ਵਪਾਰੀਆਂ ਦੇ ਗਠਜੋੜ ਵਲੋਂ ਧੜਾ-ਧੜ ਯੂ. ਪੀ., ਬਿਹਾਰ ਵਰਗੇ ਬਾਹਰਲੇ ਸੂਬਿਆਂ ਤੋਂ ਮੰਡੀਆਂ ‘ਚੋਂ ਸਸਤੇ ਭਾਅ ਝੋਨਾ ਲਿਆ ਕੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ‘ਚ ਡਰ ਪੈਦਾ ਹੋ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਬਣਾਈ ਗਈ ਸੀ. ਸੀ. ਐਲ. ਲਿਮਟ ਦੇ ਪੈਸੇ ਸਾਡੇ ਝੋਨੇ ਦੀ ਫ਼ਸਲ ਆਉਣ ਤੋਂ ਪਹਿਲਾਂ ਹੀ ਯੂ. ਪੀ., ਬਿਹਾਰ ਦੇ ਝੋਨੇ ਦੀ ਖ਼ਰੀਦ ‘ਚ ਖ਼ਰਚ ਹੋ ਜਾਣਗੇ ਅਤੇ ਸਾਨੂੰ ਸਾਡੇ ਝੋਨੇ ‘ਤੇ ਪੈਸੇ ਨਹੀਂ ਮਿਲਣੇ।